ਮੁੰਬਈ, 3 ਨਵੰਬਰ : ਇੱਥੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਨਵਾਂ ਇਤਿਹਾਸ ਲਿਖ ਦਿੱਤਾ ਹੈ। ਭਾਰਤੀ ਮਹਿਲਾ ਟੀਮ ਦੀ ਵਿਸ਼ਵ ਕੱਪ ਵਿਚ ਇਹ ਪਹਿਲੀ ਖਿਤਾਬੀ ਜਿੱਤ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ’ਤੇ 298 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਪੂਰੀ ਟੀਮ 45.3 ਓਵਰਾਂ ਵਿਚ 246 ਦੌੜਾਂ ’ਤੇ ਆਊਟ ਹੋ ਗਈ। ਭਾਰਤ ਵਲੋਂ ਦੀਪਤੀ ਸ਼ਰਮਾ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ ਪੰਜ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸ਼ੈਫਾਲੀ ਵਰਮਾ ਨੇ ਵੀ ਅਹਿਮ ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਦੋਵਾਂ ਖਿਡਾਰਨਾਂ ਨੇ ਸ਼ਾਨਦਾਰ ਗੇਂਦਬਾਜ਼ੀ ਤੋਂ ਇਲਾਵਾ ਸ਼ਾਨਦਾਰ ਬੱਲੇਬਾਜ਼ੀ ਵੀ ਕੀਤੀ। ਸ਼ੈਫਾਲੀ ਵਰਮਾ ‘ਪਲੇਅਰ ਆਫ ਦਿ ਫਾਈਨਲ’ ਚੁਣੀ ਗਈ।ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਫਾਈਨਲ ਮੁਕਾਬਲੇ ਵਿਚ ਪੰਜਾਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 298 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 299 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ ਸੈਮੀਫਾਈਨਲ ਵਿੱਚ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਆਸਟਰੇਲੀਆ ਦੀ ਟੀਮ ਨੂੰ ਹਰਾ ਕੇ ਤੀਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਮੀਂਹ ਕਾਰਨ ਮੈਚ ਲਗਪਗ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ ਪਰ ਓਵਰਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਆਗੂਆਂ ਨੇ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਸ਼ੈਫਾਲੀ ਵਰਮਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ। ਉਸ ਨੇ ਸਮ੍ਰਿਤੀ ਮੰਧਾਨਾ (45) ਨਾਲ ਮਿਲ ਕੇ ਪਹਿਲੀ ਵਿਕਟ ਲਈ 104 ਦੌੜਾਂ ਦੀ ਭਾਈਵਾਲੀ ਕੀਤੀ। ਕਪਤਾਨ ਹਰਮਨਪ੍ਰੀਤ ਕੌਰ (20) ਵੀ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਹੀ। ਦੀਪਤੀ ਸ਼ਰਮਾ (58) ਅਤੇ ਰਿਚਾ ਘੋਸ਼ (24 ਗੇਂਦਾਂ ’ਤੇ 34) ਨੇ ਛੇਵੀਂ ਵਿਕਟ ਲਈ 47 ਦੌੜਾਂ ਦੀ ਤੇਜ਼ ਭਾਈਵਾਲੀ ਕਰਕੇ ਭਾਰਤ ਨੂੰ ਇੱਕ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਦੀਪਤੀ ਸ਼ਰਮਾ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ 20 ਵਿਕਟਾਂ ਅਤੇ 200 ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ।

You must be logged in to post a comment Login