ਵਿਸਾਖੀ ਦਾ ਚਾਅ ਅਤੇ ਉਤਸ਼ਾਹ

ਵਿਸਾਖੀ ਦਾ ਚਾਅ ਅਤੇ ਉਤਸ਼ਾਹ
  • ਗੁਰਬਚਨ ਜਗਤ

ਵਿਸਾਖੀ ਆ ਗਈ ਹੈ। ਸੰਨ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ ਜਿਸ ਨਾਲ ਪੰਜਾਬ ਦੇ ਇਤਿਹਾਸ ਵਿਚ ਇਨਕਲਾਬੀ ਤਬਦੀਲੀ ਆਈ। ਇਸ ਕਾਰਨ ਇਸ ਤਿਓਹਾਰ ਦਾ ਧਾਰਮਿਕ ਤੇ ਇਤਿਹਾਸਕ ਮਹੱਤਵ ਅਥਾਹ ਹੈ। ਪੰਜਾਬ ਵਿਚ ਵਿਸਾਖੀ ਦਾ ਮੌਸਮ ਅਤੇ ਤਿਓਹਾਰ ਕਣਕ ਦੀ ਵਾਢੀ ਨਾਲ ਜੁੜਿਆ ਹੋਇਆ ਹੈ ਜਿਸ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਵਿਸਾਖੀ ਦੀ ਤਰ੍ਹਾਂ ਅਸਾਮ ਵਿਚ ਬੀਹੂ ਅਤੇ ਦੱਖਣੀ ਸੂਬਿਆਂ ਵਿਚ ਪੋਂਗਲ ਅਤੇ ਉਗਾਦੀ ਤਿਓਹਾਰ ਮਨਾਏ ਜਾਂਦੇ ਹਨ। ਇਹ ਖ਼ੁਸ਼ੀਆਂ, ਪ੍ਰਾਪਤੀਆਂ, ਸਰਗਰਮੀਆਂ ਦਾ ਮੌਸਮ ਮੰਨਿਆ ਜਾਂਦਾ ਰਿਹਾ ਹੈ। ਮਸ਼ੀਨੀਕਰਨ ਤੋਂ ਪਹਿਲਾਂ ਫ਼ਸਲ ਦੀ ਵਾਢੀ, ਝੜਾਈ, ਛੰਡਾਈ ਆਦਿ ਸਭ ਕੁਝ ਹੱਥੀਂ ਕੀਤਾ ਜਾਂਦਾ ਸੀ ਅਤੇ ਇੰਝ ਦਾਣੇ ਤੇ ਤੂੜੀ ਵੱਖ ਵੱਖ ਕੀਤੇ ਜਾਂਦੇ ਸਨ। ਕਿਸਾਨ ਜਿਣਸ ਲੈ ਕੇ ਮੰਡੀਆਂ ਵਿਚ ਜਾਂਦੇ ਸਨ ਜਿੱਥੇ ਖਰੀਦ ਵੇਚ ਦੇ ਰੂਪ ਵਿਚ ਆੜ੍ਹਤੀਆਂ ਦੀ ਨਕਲੋ ਹਰਕਤ ਚਲਦੀ ਰਹਿੰਦੀ। ਵਪਾਰੀ ਜਿਣਸ ਖਰੀਦਦੇ ਅਤੇ ਕਿਸਾਨ ਫ਼ਸਲ ਵੇਚ ਵੱਟ ਕੇ ਅਤੇ ਆਪਣੇ ਬੱਚਿਆਂ ਲਈ ਮਿਠਾਈ ਲੈ ਕੇ ਘਰਾਂ ਨੂੰ ਮੁੜ ਜਾਂਦੇ ਸਨ। ਉਦੋਂ ਮੌਸਮ ਤੇ ਦੇਵਤੇ ਮਿਹਰਬਾਨ ਹੁੰਦੇ ਸਨ ਅਤੇ ਲੋਕੀਂ ਭੰਗੜੇ ਪਾ ਕੇ ਖ਼ੁਸ਼ੀ ਮਨਾਉਂਦੇ ਸਨ। ਪਰ ਹੁਣ ਹਰ ਬੀਤਦਾ ਸਾਲ ਸਾਨੂੰ ਖੇਤੀਬਾੜੀ ਖੇਤਰ ਦੀ ਮੰਦਹਾਲੀ ਦੀ ਕਹਾਣੀ ਸੁਣਾਉਂਦਾ ਹੈ ਅਤੇ ਹੁਣ ਜਲਵਾਯੂ ਤਬਦੀਲੀ ਦਾ ਖ਼ਤਰਾ ਸਿਰ ’ਤੇ ਮੰਡਰਾ ਰਿਹਾ ਹੈ। ਐਤਕੀਂ ਮਾਰਚ ਵਿਚ ਭਾਰੀ ਮੀਂਹ ਪੈਣ ਕਰਕੇ ਉੱਤਰੀ ਸੂਬਿਆਂ ਵਿਚ ਹਾੜ੍ਹੀ ਦਾ ਸੀਜ਼ਨ ਖਰਾਬ ਹੋ ਗਿਆ। ਇਸ ਤੋਂ ਪਹਿਲਾਂ ਸੋਕੇ ਕਾਰਨ ਫ਼ਸਲ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਈ ਅਤੇ ਫਿਰ ਮੀਂਹ ਤੇ ਤੇਜ਼ ਹਵਾਵਾਂ ਨੇ ਪੱਕੀਆਂ ਫ਼ਸਲਾਂ ਖੇਤਾਂ ਵਿਚ ਵਿਛਾ ਦਿੱਤੀਆਂ ਜਿਸ ਨਾਲ ਜਿਣਸ ਦੇ ਝਾੜ ਅਤੇ ਗੁਣਵੱਤਾ ’ਤੇ ਅਸਰ ਪਿਆ ਹੈ।

ਅੱਜਕੱਲ੍ਹ ਜ਼ਿਆਦਾਤਰ ਵਾਢੀ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ਪਰ ਕਈ ਥਾਈਂ ਮੀਂਹ ਝੱਖੜ ਕਰਕੇ ਫ਼ਸਲ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਕਿ ਕੰਬਾਈਨ ਨਾਲ ਵਾਢੀ ਸੰਭਵ ਨਹੀਂ ਰਹੀ। ਇਸ ਕਰਕੇ ਹੱਥੀਂ ਵਾਢੀ ਕਰਨ ਵਾਲੇ ਮਜ਼ਦੂਰਾਂ ਨੇ ਵੀ ਰੇਟ ਯਕਦਮ ਵਧਾ ਦਿੱਤੇ ਹਨ। ਕਿਸਾਨ ’ਤੇ ਹਰ ਪਾਸਿਓਂ ਮਾਰ ਪੈ ਰਹੀ ਹੈ। ਮੰਡੀਆਂ ਵਿਚ ਖਰੀਦ ਏਜੰਸੀਆਂ ਤੇ ਵਪਾਰੀ ਮੀਂਹ ਕਾਰਨ ਬਦਰੰਗ ਹੋਈ ਫ਼ਸਲ ਨੂੰ ਖਰੀਦਣ ਤੋਂ ਨਾਂਹ ਨੁੱਕਰ ਕਰਦੇ ਹਨ। ਸਿਆਸੀ ਲੀਡਰਸ਼ਿਪ ਹਮੇਸ਼ਾਂ ਦੀ ਤਰ੍ਹਾਂ ਸਬਜ਼ਬਾਗ਼ ਦਿਖਾਉਂਦੀ ਰਹਿੰਦੀ ਹੈ ਪਰ ਇਸ ਦੇ ਵਾਅਦਿਆਂ ’ਤੇ ਯਕੀਨ ਕਰਨਾ ਔਖਾ ਹੈ। ਹੁਣ ਤੱਕ ਕਿਸਾਨਾਂ, ਮੰਡੀਆਂ ਅਤੇ ਖਰੀਦ ਏਜੰਸੀਆਂ ਤੱਕ ਬੱਝਵੀਂ ਪਹੁੰਚ ਹੋ ਜਾਣੀ ਚਾਹੀਦੀ ਸੀ। ਵਿਧਾਇਕਾਂ, ਮੰਤਰੀਆਂ ਅਤੇ ਨੌਕਰਸ਼ਾਹਾਂ ਨੂੰ ਪੇਂਡੂ ਖੇਤਰਾਂ ਤੱਕ ਪਹੁੰਚਣਾ ਚਾਹੀਦਾ ਸੀ ਅਤੇ ਜ਼ਮੀਨੀ ਪੱਧਰ ’ਤੇ ਨਿਗਾਹ ਰੱਖਣੀ ਚਾਹੀਦੀ ਹੈ। ਸਤਹੀ ਤੌਰ ’ਤੇ ਇਹ ਝਟਪਟ ਹੋ ਜਾਣ ਵਾਲਾ ਕੰਮ ਜਾਪਦਾ ਹੈ ਪਰ ਅੰਤ ਨੂੰ ਪਤਾ ਲੱਗਦਾ ਹੈ ਕਿ ਇਹ ਖੇਤੀਬਾੜੀ ਪ੍ਰਤੀ ਪੁਖ਼ਤਾ ਪਹੁੰਚ ਨੂੰ ਲਾਗੂ ਕਰਨ ਦਾ ਮਸਲਾ ਹੈ। ਜਲਵਾਯੂ ਤਬਦੀਲੀ ਦਾ ਅਸਰ ਸਾਹਮਣੇ ਆ ਰਿਹਾ ਹੈ ਅਤੇ ਝੋਨੇ ਤੇ ਕਣਕ ਦੇ ਫ਼ਸਲੀ ਚੱਕਰ ਅਤੇ ਖਾਦਾਂ ਤੇ ਜ਼ਹਿਰਾਂ ਦੀ ਬੇਤਹਾਸ਼ਾ ਵਰਤੋਂ ਕਰਕੇ ਸਾਡੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ, ਸਾਡੀ ਜ਼ਮੀਨ ਦੀ ਗੁਣਵੱਤਾ ਅਤੇ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਹੈ। ਕਣਕ, ਮੋਟੇ ਅਨਾਜ, ਜੌਂਅ ਅਤੇ ਦਾਲਾਂ ਦੀਆਂ ਰਵਾਇਤੀ ਫ਼ਸਲਾਂ ਦੀ ਤਰ੍ਹਾਂ ਸਾਡੇ ਜ਼ਿਆਦਾਤਰ ਦੇਸੀ ਬੀਜ ਗੁਆਚ ਗਏ ਹਨ। ਪੁਰਾਣੇ ਵੇਲਿਆਂ ਦੇ ਸਾਡੇ ਫ਼ਸਲੀ ਚੱਕਰ, ਪੈਟਰਨ ਤੇ ਬੀਜ ਹਰੀ ਕ੍ਰਾਂਤੀ ਅਤੇ ਦੇਸ਼ ਦੀ ਖਾਧ ਸੁਰੱਖਿਆ ਦੀ ਭੇਟ ਚੜ੍ਹ ਗਏ ਹਨ। ਇਸ ਨੂੰ ਹੰਢਣਸਾਰ ਖੇਤੀਬਾੜੀ ਵਿਚ ਤਬਦੀਲ ਕਰਨ ਲਈ ਇਕ ਨਵੀਂ ਯੋਜਨਾ ਦੀ ਬੇਹੱਦ ਲੋੜ ਹੈ ਪਰ ਮੰਦੇ ਭਾਗੀਂ ਅਜਿਹੀ ਕੋਈ ਯੋਜਨਾ ਕਦੇ ਨਹੀਂ ਬਣਾਈ ਗਈ ਅਤੇ ਕਿਸਾਨਾਂ ਨੂੰ ਇਕੱਲਿਆਂ ਹੀ ਇਹ ਬੋਝ ਚੁੱਕਣਾ ਪੈ ਰਿਹਾ ਹੈ। ਇਸ ਕਾਰਨ ਜ਼ਮੀਨ ਦੇ ਰੂਪ ਵਿਚ ਸਾਡਾ ਆਪਣਾ ਨੁਕਸਾਨ ਹੋ ਰਿਹਾ ਹੈ। ਸਾਡੀ ਥਾਲੀ ਵਿਚ ਪਰੋਸੇ ਜਾਂਦੇ ਖਾਣੇ ਦੀ ਗੁਣਵੱਤਾ ਖੇਤਾਂ ਨਾਲ ਜੁੜੀ ਹੋਈ ਹੈ। ਅਸੀਂ ਆਪਣੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਦੀ ਕੀਮਤ ’ਤੇ ਹੀ ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ।

ਵਿਸਾਖੀ ਮੌਕੇ ਸ਼ਰਧਾਲੂ ਗੁਰਦੁਆਰਿਆਂ ਅਤੇ ਮੰਦਰਾਂ ਵਿਚ ਮੱਥਾ ਟੇਕ ਕੇ ਸ਼ੁਕਰਾਨਾ ਕਰਦੇ ਹਨ। ਤੀਰਥ ਅਸਥਾਨਾਂ ’ਤੇ ਇਕ ਵੱਖਰਾ ਜਲੌਅ ਦੇਖਣ ਨੂੰ ਮਿਲਦਾ ਹੈ। ਧਾਰਮਿਕ ਅਸਥਾਨਾਂ ਵੱਲ ਜਾਂਦੀਆਂ ਸਾਰੀਆਂ ਸੜਕਾਂ ’ਤੇ ਲੰਗਰ ਮਿਲਦੇ ਹਨ ਜਿੱਥੇ ਸੇਵਾਦਾਰ ਤੁਹਾਨੂੰ ਪ੍ਰਸ਼ਾਦਾ ਪਾਣੀ ਛਕੇ ਬਗ਼ੈਰ ਅੱਗੇ ਨਹੀਂ ਜਾਣ ਦਿੰਦੇ। ਵੈਸੇ ਵੀ ਹੁਣ ਹਰ ਕਿਤੇ ਤਿਓਹਾਰਾਂ ਮੌਕੇ ਕੁਝ ਪਤਾ ਨਹੀਂ ਲੱਗਦਾ ਕਿ ਕੀ ਵਾਪਰ ਜਾਏ। ਹਰੇਕ ਵੱਡੇ ਤਿਓਹਾਰ ਤੋਂ ਪਹਿਲਾਂ ਸਰਕਾਰ ਦੀ ਤਰਫ਼ੋਂ ਚਿਤਾਵਨੀ (ਐਡਵਾਇਜ਼ਰੀ) ਜਾਰੀ ਕੀਤੀ ਜਾਂਦੀ ਹੈ, ਚੌਕਸੀ ਰੱਖੀ ਜਾਂਦੀ ਹੈ, ਵਾਧੂ ਕੇਂਦਰੀ ਬਲ ਭੇਜੇ ਜਾਂਦੇ ਹਨ ਅਤੇ ਫਲੈਗ ਮਾਰਚ ਕੀਤੇ ਜਾਂਦੇ ਹਨ। ਕੁਝ ਥਾਵਾਂ ’ਤੇ ਹਿੰਸਾ ਵੀ ਹੋਈ ਹੈ, ਕੇਸ ਦਰਜ ਕੀਤੇ ਗਏ ਹਨ ਤੇ ਕੁਝ ਸ਼ਰਾਰਤੀ ਅਨਸਰ ਗ੍ਰਿਫ਼ਤਾਰ ਕੀਤੇ ਗਏ ਹਨ ਪਰ ਹਿੰਸਾ ਕਰਾਉਣ ਵਾਲਿਆਂ ਅਤੇ ਕਿਸੇ ਗੁਪਤ ਹੱਥ ਦਾ ਕੋਈ ਪਤਾ ਨਹੀਂ ਲੱਗਦਾ। ਮੇਰੀ ਜਾਣਕਾਰੀ ਅਨੁਸਾਰ ਆਜ਼ਾਦੀ ਤੋਂ ਬਾਅਦ ਹੁਣ ਤੱਕ ਹਜ਼ਾਰਾਂ ਫ਼ਿਰਕੂ ਦੰਗੇ ਹੋ ਚੁੱਕੇ ਹਨ ਪਰ ਕਿਸੇ ਇਕ ਵੀ ਅਹਿਮ ਆਗੂ ਜਾਂ ਗਰੁੱਪ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਜਾਂਚ ਕਮਿਸ਼ਨ ਬਿਠਾ ਦਿੱਤੇ ਜਾਂਦੇ ਹਨ ਅਤੇ ਸੱਤਾ ਦੇ ਗਲਿਆਰਿਆਂ ਵਿਚ ਉਨ੍ਹਾਂ ਦੀਆਂ ਰਿਪੋਰਟਾਂ ਧੂੜ ਫੱਕਦੀਆਂ ਰਹਿੰਦੀਆਂ ਹਨ ਜਾਂ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਕਰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਜਾਂਚ ਰਿਪੋਰਟਾਂ ਵਿਚ ਦੰਗਿਆਂ ਦੇ ਕਾਰਨਾਂ ਅਤੇ ਭਵਿੱਖ ਵਿਚ ਇਨ੍ਹਾਂ ਦੀ ਰੋਕਥਾਮ ਦੇ ਸੁਝਾਅ ਦਿੱਤੇ ਜਾਂਦੇ ਹਨ। ਦੰਗਿਆਂ ਦੇ ਹਾਲਾਤ ਪੈਦਾ ਕਰਨ ਲਈ ਕੁਝ ਕਾਰਨ ਹੁੰਦੇ ਹਨ ਜਿੱਥੇ ਮਾਮੂਲੀ ਜਿਹੀ ਭੜਕਾਹਟ ਨਾਲ ਹੀ ਹਿੰਸਾ ਦੇ ਭਾਂਬੜ ਬਣ ਜਾਂਦੇ ਹਨ। ਦੂਜੇ ਬੰਨੇ, ਸਰਕਾਰਾਂ ਤਿਓਹਾਰਾਂ ਖ਼ਾਸਕਰ ਧਾਰਮਿਕ ਜਲੂਸਾਂ ਮੌਕੇ ਹੁੰਦੇ ਦੰਗਿਆਂ ਜਿੱਥੇ ਸ਼ਰਾਰਤੀ ਅਨਸਰ ਹਿੰਸਾ ਭੜਕਾਉਂਦੇ ਹਨ, ਨਾਲ ਸਿੱਝਣ ਵਿਚ ਜੁਟੀਆਂ ਰਹਿੰਦੀਆਂ ਹਨ ਜਿਵੇਂ ਕਿ ਬੰਗਾਲ, ਕਰਨਾਟਕ ਅਤੇ ਬਿਹਾਰ ਆਦਿ ਸੂਬਿਆਂ ਵਿਚ ਦੇਖਣ ਨੂੰ ਮਿਲਿਆ ਹੈ। ਪੰਜਾਬ ਵਿਚ ਇਕ ਨਵਾਂ ਖ਼ਤਰਾ ਮੰਡਰਾ ਰਿਹਾ ਹੈ ਅਤੇ ਇਕ ਅਜਿਹੀ ਜਥੇਬੰਦੀ ਸੁਰਖ਼ੀਆਂ ਤੇ ਸਿਆਸੀ ਬਹਿਸ ਮੁਬਾਹਿਸੇ ਦਾ ਕੇਂਦਰ ਬਣੀ ਹੋਈ ਹੈ ਜਿਸ ਬਾਰੇ ਕੁਝ ਮਹੀਨੇ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ। ਇਸ ਅਖੌਤੀ ਲਹਿਰ ਦੇ ਉਥਾਨ, ਇਸ ਦੀ ਜਥੇਬੰਦੀ, ਮੈਂਬਰਸ਼ਿਪ ਅਤੇ ਲੀਡਰਸ਼ਿਪ ਬਾਰੇ ਅਜੇ ਤੱਕ ਲੋਕਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ। ਇਸ ਨੂੰ ਵਿੱਤੀ ਮਦਦ ਕਿੱਥੋਂ ਮਿਲ ਰਹੀ ਹੈ? ਜੇ ਇਨ੍ਹਾਂ ਕੋਲ ਕੋਈ ਹਥਿਆਰ ਹਨ, ਤਾਂ ਉਹ ਕਿੱਥੋਂ ਆਏ ਹਨ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੀ ਫੌਰੀ ਲੋੜ ਹੈ ਕਿਉਂਕਿ ਹਰ ਪਾਸੇ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ ਦੀਆਂ ਥਿਊਰੀਆਂ ਚੱਲ ਰਹੀਆਂ ਹਨ। ਸੈਂਕੜੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਅਸਾਮ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਪੁੱਛ ਪੜਤਾਲ ਤੋਂ ਕੀ ਨਿਕਲਿਆ ਹੈ? ਆਖ਼ਰੀ ਗੱਲ ਇਹ ਹੈ ਕਿ ਗ੍ਰਿਫ਼ਤਾਰੀ ਤੋਂ ਭੱਜਿਆ ਆਗੂ ਕਿੱਥੇ ਹੈ ਅਤੇ ਇਉਂ ਜਾਪਦਾ ਹੈ ਕਿ ਪੁਲੀਸ ਉਸ ਦੀ ਪੈੜ ਚਾਲ ਵੇਂਹਦੀ ਜਾ ਰਹੀ ਹੈ। ਕਦੇ ਲੱਗਦਾ ਹੈ ਕਿ ਉਹ ਹਰ ਕਿਤੇ ਮੌਜੂਦ ਹੈ ਪਰ ਮਿਲਦਾ ਕਿਤੋਂ ਵੀ ਨਹੀਂ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣਾ ਬਣਦਾ ਹੈ ਕਿਉਂਕਿ ਕਿਸੇ ਸਾਧਾਰਨ ਸਮੀਖਿਅਕ ਨੂੰ ਪੰਜਾਬ ਵਿਚ ਅਜਿਹੀ ਕੋਈ ਖ਼ਾਸ ਲਹਿਰ ਕਿਤੇ ਵੀ ਚਲਦੀ ਨਜ਼ਰ ਨਹੀਂ ਆ ਰਹੀ। ਬਹੁਤੇ ਲੋਕ ਵਾਢੀ ਦੇ ਕੰਮਾਂ ਵਿਚ ਰੁੱਝੇ ਹੋਏ ਹਨ। ਘੱਟੋਘੱਟ ਸਰਕਾਰ ਸਾਰੀਆਂ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਭਰੋਸੇ ਵਿਚ ਲੈ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕਰ ਸਕਦੀ ਹੈ। ਵਿਸਾਖੀ ਕਣਕਾਂ ਦੀ ਵਾਢੀ ਦਾ ਸੀਜ਼ਨ ਹੀ ਬਣਿਆ ਰਹਿਣਾ ਚਾਹੀਦਾ ਹੈ ਤੇ ‘ਖ਼ਤਰੇ ਦੇ ਬੱਦਲਾਂ’ ਨੂੰ ਤਿਓਹਾਰ, ਖ਼ੁਸ਼ੀਆਂ ਦਾ ਮਜ਼ਾ ਕਿਰਕਿਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

You must be logged in to post a comment Login