ਵਿੱਤੀ ਬੇਨਿਯਮੀਆਂ: ਸੀਬੀਆਈ ਵੱਲੋਂ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਤੇ 14 ਹੋਰਨਾਂ ਦੇ ਟਿਕਾਣਿਆਂ ’ਤੇ ਛਾਪੇ

ਵਿੱਤੀ ਬੇਨਿਯਮੀਆਂ: ਸੀਬੀਆਈ ਵੱਲੋਂ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਤੇ 14 ਹੋਰਨਾਂ ਦੇ ਟਿਕਾਣਿਆਂ ’ਤੇ ਛਾਪੇ

ਕੋਲਕਾਤਾ, 25 ਅਗਸਤ- ਸੀਬੀਆਈ ਨੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਕਥਿਤ ਵਿੱਤੀ ਬੇਨੇਮੀਆਂ ਦੀ ਜਾਂਚ ਨੂੰ ਲੈ ਕੇ ਅੱਜ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, ਸਾਬਕਾ ਐੱਮਐੱਸਵੀਪੀ ਸੰਜੈ ਵਸ਼ਿਸ਼ਸਟ ਤੇ 13 ਹੋਰਨਾਂ ਦੇ ਕੋਲਕਾਤਾ ਤੇ ਨੇੜਲੇ ਇਲਾਕਿਆਂ ਵਿਚਲੇ ਟਿਕਾਣਿਆਂ ’ਤੇੇ ਛਾਪੇ ਮਾਰੇ। ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਹਸਪਤਾਲ ਵਿਚ ਮਰੀਜ਼ਾਂ ਦੀ ਸੰਭਾਲ ਤੇ ਪ੍ਰਬੰਧਨ ਲਈ ਸਮੱਗਰੀ ਸਪਲਾਈ ਕਰਦੇ ਵਿਅਕਤੀਆਂ ਦੇ ਘਰਾਂ ਤੇ ਦਫ਼ਤਰਾਂ ਦੀ ਵੀ ਤਲਾਸ਼ੀ ਲਈ। ਸੀਬੀਆਈ ਦੇ ਘੱਟੋ-ਘੱਟ ਸੱਤ ਅਧਿਕਾਰੀ ਘੋਸ਼ ਤੋਂ ਉਸ ਦੀ ਬੇਲੀਆਘਾਟ ਰਿਹਾਇਸ਼ ’ਤੇ ਸਵੇਰੇ 8 ਵਜੇ ਤੋਂ ਪੁੱਛ-ਪੜਤਾਲ ਕਰ ਰਹੇ ਹਨ। ਜਿਨ੍ਹਾਂ ਹੋਰਨਾਂ ਤੋਂ ਕੇਂਦਰੀ ਏਜੰਸੀ ਨੇ ਪੁੱਛ-ਪੜਤਾਲ ਕੀਤੀ ਉਨ੍ਹਾਂ ਵਿਚ ਹਸਪਤਾਲ ਦੇ ਸਾਬਕਾ ਮੈਡੀਕਲ ਸੁਪਰਡੈਂਟ ਤੇ ਵਾਈਸ ਪ੍ਰਿੰਸੀਪਲ ਸੰਜੈ ਵਸ਼ਿਸ਼ਟ ਤੇ ਹਸਪਤਾਲ ਦੇ ਫੋਰੈਂਸਿਕ ਮੈਡੀਕਲ ਵਿਭਾਗ ਦਾ ਇਕ ਹੋਰ ਪ੍ਰੋਫੈਸਰ ਸ਼ਾਮਲ ਹਨ। ਸੀਬੀਆਈ ਟੀਮ ਕੇਦਰੀ ਬਲਾਂ ਦੀ ਵੱਡੀ ਟੀਮ ਨਾਲ ਅੱਜ ਸਵੇਰੇ 6 ਵਜੇ ਘੋਸ਼ ਦੀ ਰਿਹਾਇਸ਼ ’ਤੇ ਪੁੱਜੀ, ਪਰ ਟੀਮ ਨੂੰ ਘਰ ਦਾ ਦਰਵਾਜ਼ਾ ਖੁੱਲ੍ਹਣ ਲਈ ਅੱਧਾ ਘੰਟਾ ਉਡੀਕ ਕਰਨੀ ਪਈ। ਕੇਂਦਰੀ ਏਜੰਸੀ ਦੇ ਹੋਰ ਅਧਿਕਾਰੀਆਂ ਨੇ ਹਾਵੜਾ ਵਿਚ ਇਕ ਸਪਲਾਇਰ ਦੀ ਰਿਹਾਇਸ਼ ’ਤੇ ਵੀ ਦਸਤਕ ਦਿੱਤੀ। ਸੀਬੀਆਈ ਦੀ ਇਕ ਹੋਰ ਟੀਮ ਨੇ ਸਾਬਕਾ ਪ੍ਰਿੰਸੀਪਲ ਦੇ ਦਫ਼ਤਰ ਦੀ ਤਲਾਸ਼ੀ ਲਈ ਤੇ ਅਕਾਦਮਿਕ ਇਮਾਰਤ ਵਿਚਲੀ ਕੰਟੀਨ ਵਿਚ ਵੀ ਗਈ। ਟੀਮ ਨੇ ਹਸਪਤਾਲ ਦੇ ਮੌਜੂਦਾ ਪ੍ਰਿੰਸੀਪਲ ਮਾਨਸ ਕੁਮਾਰ ਬੰਧੋਪਾਧਿਆਏ ਨੂੰ ਅੱਜ ਸਵੇਰੇ ਹਸਪਤਾਲ ਪਹੁੰਚਣ ਲਈ ਕਿਹਾ ਸੀ। ਹਸਪਤਾਲ ਦੀ ਤਲਾਸ਼ੀ ਦੌਰਾਨ ਉਹ ਪੂਰਾ ਸਮਾਂ ਟੀਮ ਨਾਲ ਮੌਜੂਦ ਰਹੇ। ਕਾਬਿਲੇਗੌਰ ਹੈ ਕਿ ਇਸੇ ਹਸਪਤਾਲ ਦੇ ਸੈਮੀਨਾਰ ਹਾਲ ਵਿਚ 9 ਅਗਸਤ ਨੂੰ ਇਕ ਜੂਨੀਅਰ ਡਾਕਟਰ ਨਾਲ ਕਥਿਤ ਬਲਾਤਕਾਰ ਕਰਨ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਕੋਲਕਾਤਾ ਪੁਲੀਸ ਨੇ ਇਸ ਕੇਸ ਵਿਚ ਇਕ ਸਿਵਿਕ ਵਲੰਟੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਸਾਬਕਾ ਪ੍ਰਿੰਸੀਪਲ ਘੋਸ਼ ਤੋਂ ਕਈ ਗੇੜਾਂ ਦੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ।

You must be logged in to post a comment Login