ਵਿੱਤ ਮੰਤਰੀ ਚੀਮਾ ਨੂੰ ਸਵਾਲ ਪੁੱਛਣ ਜਾਂਦੇ 40 ਤੋਂ ਵੱਧ ਕਿਸਾਨ ਥਾਣੇ ਡੱਕੇ

ਵਿੱਤ ਮੰਤਰੀ ਚੀਮਾ ਨੂੰ ਸਵਾਲ ਪੁੱਛਣ ਜਾਂਦੇ 40 ਤੋਂ ਵੱਧ ਕਿਸਾਨ ਥਾਣੇ ਡੱਕੇ

ਮਾਨਸਾ, 3 ਮਈ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕਰਨ ਜਾਂਦੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕਾਰਕੁਨ 40 ਤੇ ਵੱਧ ਕਿਸਾਨਾਂ ਨੂੰ ਅੱਜ ਮਾਨਸਾ ਪੁਲੀਸ ਵੱਲੋਂ ਹਿਰਾਸਤ ਵਿਚ ਲੈ ਕੇ ਥਾਣਾ ਕੋਟ ਧਰਮੂ ਵਿਖੇ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਕਿਸਾਨਾਂ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਕਰ ਰਹੇ ਸਨ। ਕਿਸਾਨ ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕਰਨਾ ਚਾਹੁੰਦੇ ਸਨ, ਜੋ ਮਾਨਸਾ ਪ੍ਰਸ਼ਾਸਨ ਨੂੰ ਮਨਜ਼ੂਰ ਨਹੀਂ ਹੋਇਆ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਥਾਣੇ ਡੱਕਿਆ ਗਿਆ ਹੈ। ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੇ ਵਾਅਦੇ ਚੇਤੇ ਕਰਾਉਣਾ ਹਰ ਇੱਕ ਦਾ ਫਰਜ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਹੁਣ ਧੱਕੇਸ਼ਾਹੀ ਉਪਰ ਉਤਰ ਆਈ ਹੈ ਅਤੇ ਇਸ ਦਾ ਜਥੇਬੰਦੀ ਵਲੋਂ ਸਮਾਂ ਆਉਣ ‘ਤੇ ਜਵਾਬ ਦਿੱਤਾ ਜਾਵੇਗਾ। ਗ਼ੌਰਤਲਬ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਇਥੇ ਡੀਡੀ ਫੋਰਟ ਮੈਰਿਜ ਪੈਲੇਸ ਵਿਚ ਨਸ਼ਿਆਂ ਸਬੰਧੀ ਰੱਖੇ ਗਏ ਇੱਕ ਸਮਾਗਮ ਹਿੱਸਾ ਲੈਣ ਲਈ ਆ ਰਹੇ ਸਨ।

You must be logged in to post a comment Login