ਸ਼ੱਕ ਦੀਆਂ ਨਜ਼ਰਾਂ ’ਚ ਹਨ ਪੰਜਾਬ ਕਾਂਗਰਸ ਦੇ ਐਲਾਨ

ਸ਼ੱਕ ਦੀਆਂ ਨਜ਼ਰਾਂ ’ਚ ਹਨ ਪੰਜਾਬ ਕਾਂਗਰਸ ਦੇ ਐਲਾਨ

ਹੁਸ਼ਿਆਰਪੁਰ – ਪੰਜਾਬ ਸਰਕਾਰ ਜੋ ਪੰਜਾਬੀਆਂ ਨੂੰ ਲੁਭਾਉਣ ਲਈ ਮੁਫ਼ਤ ਦੇ ਐਲਾਨ ਕਰ ਰਹੀ ਹੈ, ਲੋਕ ਇਨ੍ਹਾਂ ਐਲਾਨਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖ ਰਹੇ ਹਨ। ਅੱਜ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸਰਕਾਰ ਕੋਲ ਹੁਣ ਇਕਦਮ ਕਿਹੜਾ ਅੱਲਾਦੀਨ ਦਾ ਚਿਰਾਗ ਆ ਗਿਆ ਹੈ, ਜੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋਲ ਨਹੀਂ ਸੀ ਜਾਂ ਉਸ ਨੇ ਖਜ਼ਾਨੇ ਨੂੰ ਛੇੜਿਆ ਹੀ ਨਹੀਂ। ਇਸ ਸਭ ’ਤੇ ਸਵਾਲ ਉੱਠ ਰਹੇ ਹਨ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਇਹ ਰਵੱਈਆ ਚੋਣ ਸਟੰਟ ਹੀ ਹੈ। ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 2 ਕਿੱਲੋਵਾਟ ਤੱਕ ਦੇ ਸਾਰੇ ਡੈਮੋਸਟਿਕ ਕੁਨੈਕਸ਼ਨਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕੀਤੇ ਗਏ ਹਨ ਅਤੇ ਮਹਿਕਮੇ ਵੱਲੋਂ ਕੱਟੇ ਹੋਏ ਬਿਜਲੀ ਮੀਟਰਾਂ ਨੂੰ ਵੀ ਮੁੜ ਚਾਲੂ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਸਰਕਾਰ ਜੋ ਬਿਜਲੀ ਦੇ ਰੇਟ ਘਟਾਉਣ ਜਾ ਰਹੀ ਹੈ, ਉਹ ਵੀ ਕੈਟਾਗਿਰੀ ਵਾਈਜ਼ ਕਟੌਤੀ ਦੀ ਯੋਜਨਾ ਬਣਾਈ ਗਈ ਹੈ ਜਦਕਿ ਪੰਜਾਬ ਅੰਦਰ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ, ਜੋ ਪਾਵਰ ਪ੍ਰਚੇਜ਼ ਐਗਰੀਮੈਂਟ ਕੀਤੇ ਗਏ ਹਨ, ਉਸ ਨੂੰ ਰੱਦ ਕਰਨ ਵੱਲ ਵੀ ਅਜੇ ਕੋਈ ਫ਼ੈਸਲਾ ਨਹੀਂ ਲਿਆ ਜਾ ਰਿਹਾ। ਪੰਜਾਬ ’ਚ ਬਿਜਲੀ ਸਸਤੀ ਕਿਵੇਂ ਹੋਵੇਗੀ, ਇਹ ਸਭ ਕੁਝ ਵੇਖਦਿਆਂ ਜਨਰਲ ਸ਼੍ਰੇਣੀ ’ਚ ਕਿਤੇ ਨਾ ਕਿਤੇ ਨਾਰਾਜ਼ਗੀ ਵੇਖੀ ਜਾ ਸਕਦੀ ਹੈ। ਉਹ ਘੁੱਟਣ ਮਹਿਸੂਸ ਕਰ ਰਹੇ ਹਨ ਕਿ ਰਵਾਇਤੀ ਰਾਜਨੀਤਕ ਪਾਰਟੀਆਂ ਦੀ ਨਜ਼ਰ ਐੱਸ. ਸੀ. ਅਤੇ ਬੀ. ਸੀ. ਦੁਆਲੇ ਹੀ ਘੁੰਮ ਰਹੀ ਹੈ, ਜੋਕਿ ਇਕ ਚੋਣ ਪੱਤਾ ਹੈ। ਅਜਿਹੇ ’ਚ ਦਰ-ਕਿਨਾਰ ਕੀਤੀਆਂ ਜਾ ਰਹੀਆਂ ਜਨਰਲ ਸ਼੍ਰੇਣੀਆਂ ਆਪਣਾ ਰੁਖ ਤੀਜੀ ਧਿਰ ਵੱਲ ਕਰ ਦੇਣ ਨਾਲ ਪੰਜਾਬ ਦੀ ਰਾਜਨੀਤੀ ’ਚ ਵੱਡੀ ਉਥਲ-ਪੁਥਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਹੜੀਆਂ ਗਿਣਤੀਆਂ-ਮਿਣਤੀਆਂ ਰਾਜਸੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਹਨ, ਉਹ ਸਾਰੀਆਂ ਉੱਪਰ-ਥੱਲੇ ਹੋ ਸਕਦੀਆਂ ਹਨ। 

You must be logged in to post a comment Login