ਸਕਾਟਲੈਂਡ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਇਆ ਵੱਡਾ ਉਬਾਲ

ਸਕਾਟਲੈਂਡ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਇਆ ਵੱਡਾ ਉਬਾਲ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਨਿਰੰਤਰ ਜਾਰੀ ਹੈ। ਜਿਸ ਕਰਕੇ ਸਕਾਟਲੈਂਡ ਵਿੱਚ ਔਸਤ ਘਰ ਦੀ ਕੀਮਤ ਰਿਕਾਰਡ ਪੱਧਰ ‘ਤੇ ਹੈ ਅਤੇ ਪਹਿਲੀ ਵਾਰ ਇਸਦੀ ਕੀਮਤ 200,000 ਪੌਂਡ ਤੋਂ ਵੱਧ ਹੈ। ਇੱਥੇ ਜਾਇਦਾਦ ਦੀ ਕੀਮਤ ‘ਤੇ 13% ਦੇ ਸਾਲਾਨਾ ਵਾਧੇ ਦੇ ਨਾਲ ਪੂਰੇ ਯੂਕੇ ਵਿੱਚ ਹਾਊਸਿੰਗ ਮਾਰਕੀਟ ਨੇ ਵਧੀਆ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ ਹੈ। ਹੈਲੀਫੈਕਸ ਹਾਊਸ ਪ੍ਰਾਈਸ ਇੰਡੈਕਸ ਦੇ ਅੰਕੜੇ ਦਰਸਾਉਂਦੇ ਹਨ ਕਿ ਸਕਾਟਲੈਂਡ ਇੱਕ ਔਸਤ ਘਰ ਦੀ ਕੀਮਤ 201,549 ਪੌਂਡ ਹੈ। ਇਸ ਦੌਰਾਨ ਘਰਾਂ ਦੀ ਕੀਮਤ ਮਹਿੰਗਾਈ ਦੀ ਸਾਲਾਨਾ ਦਰ ਪਿਛਲੇ ਮਹੀਨੇ 8.5% ਤੋਂ ਵੱਧ ਕੇ ਹੁਣ 9.9% ਹੋ ਗਈ ਹੈ। ਇਸ ਬਾਰੇ ਬੈਂਕ ਆਫ ਸਕਾਟਲੈਂਡ ਦੇ ਮਾਰਗੇਜ ਡਾਇਰੈਕਟਰ ਗ੍ਰਾਹਮ ਬਲੇਅਰ ਨੇ ਦੱਸਿਆ ਕਿ ਸਕਾਟਲੈਂਡ ਨੇ ਜੂਨ ਦੇ ਦੌਰਾਨ ਘਰਾਂ ਦੀ ਕੀਮਤ ਵਿੱਚ ਅਸਧਾਰਨ ਤੌਰ ‘ਤੇ ਮਜ਼ਬੂਤ ​​ਵਾਧਾ ਦਰਜ ਕੀਤਾ ਹੈ, ਜਿਸ ਵਿੱਚ ਇੱਕ ਆਮ ਜਾਇਦਾਦ ਦੀ ਕੀਮਤ ਲਗਭਗ 3,000 ਪੌਂਡ ਤੱਕ ਵਧ ਗਈ ਹੈ। ਇਸ ਵਾਧੇ ਨੇ ਘਰ ਦੀ ਔਸਤ ਕੀਮਤ ਨੂੰ ਪਹਿਲੀ ਵਾਰ 200,000 ਪੌਂਡ ਤੋਂ ਉੱਪਰ ਕਰ ਦਿੱਤਾ ਹੈ। ਉੱਤਰੀ ਆਇਰਲੈਂਡ 187,833 ਪੌਂਡ ਦੀ ਔਸਤ ਕੀਮਤ ਨਾਲ ਜਾਇਦਾਦ ਖਰੀਦਣ ਲਈ ਸਭ ਤੋਂ ਕਿਫਾਇਤੀ ਸਥਾਨ ਵਜੋਂ ਸੂਚੀ ਵਿੱਚ ਸਿਖਰ ‘ਤੇ ਹੈ ਜਦਕਿ ਪੂਰੇ ਯੂਕੇ ਵਿੱਚ ਇੱਕ ਜਾਇਦਾਦ ਦੀ ਔਸਤ ਕੀਮਤ 294,845 ਪੌਂਡ ਹੈ। ਰਿਹਾਇਸ਼ੀ ਘਰਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਖਰੀਦੋ ਫਰੋਖਤ ਵਿੱਚ ਵੀ ਤੇਜੀ ਦੇਖਣ ਨੂੰ ਮਿਲ ਰਹੀ ਹੈ।

You must be logged in to post a comment Login