ਸਕਾਟਲੈਂਡ: ਸਕੂਲੀ ਵਿਦਿਆਰਥੀਆਂ ਵਿੱਚ ਈ-ਸਿਗਰਟ ਦੀ ਵਰਤੋਂ ਧਾਰ ਰਹੀ ਹੈ ਵਿਕਰਾਲ ਰੂਪ

ਸਕਾਟਲੈਂਡ: ਸਕੂਲੀ ਵਿਦਿਆਰਥੀਆਂ ਵਿੱਚ ਈ-ਸਿਗਰਟ ਦੀ ਵਰਤੋਂ ਧਾਰ ਰਹੀ ਹੈ ਵਿਕਰਾਲ ਰੂਪ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਹਾਈ ਸਕੂਲਾਂ ਵਿੱਚ ਮਾਪਿਆਂ ਨੂੰ ਵੇਪ (ਈ-ਸਿਗਰਟ) ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਵਿੱਚ ਅਥਾਹ ਵਾਧੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਸਕਾਟਲੈਂਡ ਦੇ ਹਾਈ ਸਕੂਲਾਂ ਵਿੱਚ ਵੇਪ ਦੀ ਵੱਧ ਰਹੀ ਵਰਤੋਂ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇਸ ਸਬੰਧੀ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਦੇਸ ਭਰ ਵਿੱਚ ਸਕੂਲੀ ਬੱਚਿਆਂ ਤੋਂ ਵੱਡੀ ਮਾਤਰਾ ਵਿੱਚ ਵੇਪਿੰਗ ਯੰਤਰ ਜ਼ਬਤ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ 2021/22 ਵਿੱਚ ਫਾਈਫ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਤੋਂ 121 ਈ-ਸਿਗਰਟਾਂ ਫੜ੍ਹੀਆਂ ਗਈਆਂ ਸਨ, ਜਦਕਿ 2018/19 ਵਿੱਚ ਇਹ ਅੰਕੜਾ ਜ਼ੀਰੋ ਸੀ। ਇਸ ਦੇ ਨਾਲ ਹੀ ਦੱਖਣੀ ਆਇਰਸਾਇਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਕੋਲੋਂ ਈ-ਸਿਗਰੇਟਾਂ ਨੂੰ ਬਰਾਮਦ ਕਰਨ ਦੀਆਂ 116 ਰਿਪੋਰਟਾਂ ਸਨ। ਇਸ ਮੁਹਿੰਮ ਤਹਿਤ ਉਹਨਾਂ ਇਸ਼ਤਿਹਾਰਾਂ ’ਤੇ ਸਖਤ ਕਾਰਵਾਈ ਕਰਨ ਲਈ ਆਵਾਜ ਉਠਾਈ ਹੈ ਜੋ ਨੌਜਵਾਨਾਂ ਨੂੰ ਈ-ਸਿਗਰਟ ਵਰਤਣ ਲਈ ਵਧੇਰੇ ਉਤਸ਼ਾਹਿਤ ਕਰਦੇ ਹਨ। ਇਹ ਕਾਰਵਾਈ ਸਕਾਟਲੈਂਡ ਦੇ ਸਾਰੇ 32 ਸਥਾਨਕ ਅਧਿਕਾਰੀਆਂ ਨੂੰ ਸੌਂਪੀ ਗਈ ਸੀ। ਜਿਨ੍ਹਾਂ ਕੌਂਸਲਾਂ ਨੇ ਜਵਾਬ ਦਿੱਤਾ, ਉਨ੍ਹਾਂ ਨੇ ਚਾਰ ਸਾਲ ਪਹਿਲਾਂ ਦੇ ਮੁਕਾਬਲੇ ਬੱਚਿਆਂ ਤੋਂ ਜਬਤ ਕੀਤੇ ਜਾਣ ਵਾਲੇ ਵੈਪਿੰਗ ਉਤਪਾਦਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਇਸ ਤੋਂ ਬਾਅਦ ਡੰਡੀ ਸ਼ਹਿਰ ਦੇ ਸਕੂਲਾਂ ਵਿੱਚ ਵੀ 2018/19 ਵਿੱਚ ਕੋਈ ਵੀ ਇਤਰਾਜ਼ਯੋਗ ਵਸਤ ਜ਼ਬਤ ਨਾ ਹੋਣ ਤੋਂ ਬਾਅਦ 2021/22 ਵਿੱਚ 83 ਤੱਕ ਦਾ ਵਾਧਾ ਦੇਖਿਆ ਗਿਆ। ਰਿਪੋਰਟ ਵਿੱਚ ਕਲੈਕਮੈਨਨਸਾਇਰ, ਇਨਵਰਕਲਾਈਡ, ਈਸਟ ਡਨਬਾਰਟਨਸਾਇਰ ਅਤੇ ਵੈਸਟ ਡਨਬਰਟਨਸਾਇਰ ਦੇ ਸਕੂਲਾਂ ਵਿੱਚ ਵੀ ਅਜਿਹੀਆਂ ਘਟਨਾਵਾਂ ਦਾ ਪਤਾ ਲੱਗਾ ਹੈ। ਦੱਸ ਦਈਏ ਕਿ ਇੱਕ ਈ-ਸਿਗਰੇਟ ਇੱਕ ਇਲੈਕਟ੍ਰਿਕ ਯੰਤਰ ਹੈ ਜਿੱਥੇ ਲੋਕ ਨਿਕੋਟੀਨ ਨੂੰ ਧੂੰਏਂ ਦੀ ਬਜਾਏ ਭਾਫ ਰੂਪ ਵਿੱਚ ਸਾਹ ਰਾਹੀਂ ਅੰਦਰ ਖਿੱਚਦੇ ਹਨ। ਉਹ ਇੱਕ ਤਰਲ ਨੂੰ ਗਰਮ ਕਰਦੇ ਹਨ ਜਿਸ ਵਿੱਚ ਆਮ ਤੌਰ ’ਤੇ ਨਿਕੋਟੀਨ, ਪ੍ਰੋਪੀਲੀਨ ਗਲਾਈਕੋਲ ਜਾਂ ਸਬਜ਼ੀਆਂ ਦੀ ਗਲਾਈਸਰੀਨ ਆਦਿ ਸਵਾਦ ਹੁੰਦੇ ਹਨ। ਇਹ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਤੱਕ ਵਿਕਰੀ ਨੂੰ ਸੀਮਤ ਕਰਨ ਵਾਲੇ ਮੌਜੂਦਾ ਕਾਨੂੰਨਾਂ ਦੇ ਬਾਵਜੂਦ, ਸਕੂਲੀ ਬੱਚਿਆਂ ਨੂੰ ਘੱਟ ਆਕਰਸ਼ਕ ਬਣਾਉਣ ਲਈ ਇਸਤਿਹਾਰਬਾਜ਼ੀ ’ਤੇ ਹੋਰ ਸਖਤੀ ਕਰਨ ਲਈ ਕਾਲਾਂ ਕੀਤੀਆਂ ਜਾ ਰਹੀਆਂ ਹਨ। ਪਰ ਫਿਰ ਕਾਨੂੰਨਾਂ ਨੂੰ ਛਿੱਕੇ ਟੰਗਦਿਆਂ ਸਕੂਲੀ ਬੱਚਿਆਂ ਕੋਲ ਹਪਿਛ ਲਈ ਹਾਨੀਕਾਰਕ ਉਤਪਾਦ ਪਹੁੁੰਚਦੇ ਕਿਵੇਂ ਹਨ? ਇਹ ਸਵਾਲ ਵੀ ਧਿਆਨ ਮੰਗਦਾ ਹੈ। ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਉਕਤ ਬੱਚੇ ਜਾਂ ਤਾਂ ਖੁਦ ਤੋਂ ਵੱਡੇ ਭੈਣ ਭਰਾ ਦੀ ਮਦਦ ਲੈ ਕੇ ਈ-ਸਿਗਰਟ ਖਰੀਦਣ ਵਿੱਚ ਕਾਮਯਾਬ ਹੁੰਦੇ ਹਨ ਤੇ ਜਾਂ ਫਿਰ ਘਰੋਂ ਬਾਹਰ ਵੱਡੀ ਉਮਰ ਦੇ ਲੋਕ ਉਹਨਾਂ ਲਈ ਖਰੀਦਣ ਵਿੱਚ ਮਦਦ ਕਰਦੇ ਹਨ।  ਇੱਕ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ਜ਼ਿਆਦਾਤਰ ਨੌਜਵਾਨ ਟਿਕਟੌਕ ਅਤੇ ਇੰਸਟਾਗ੍ਰਾਮ ਵਰਗੀਆਂ ਮਸ਼ਹੂਰ ਸੋਸ਼ਲ ਮੀਡੀਆ ਸਾਈਟਾਂ ’ਤੇ ਹੋਣ ਕਾਰਨ ਵੇਪਸ ਵੱਲ ਖਿੱਚੇ ਜਾ ਰਹੇ ਹਨ। ਕਰਵਾਏ ਗਏ ਸਰਵੇਖਣ ਵਿੱਚ ਲਗਭਗ 2,613 ਬੱਚਿਆਂ ਨੇ ਹਿੱਸਾ ਲਿਆ, ਇਸ ਵਿਚ ਪਾਇਆ ਕਿ 11 ਤੋਂ 17 ਸਾਲ ਦੀ ਉਮਰ ਦੇ 40% ਨੇ ਪਹਿਲਾਂ ਕਦੇ ਵੀ ਸਿਗਰਟ ਨਹੀਂ ਪੀਤੀ ਅਤੇ ਸਿਰਫ 36% ਨੇ ਹੀ ਸਿਗਰਟ ਪੀਣ ਦੀ ਕੋਸ਼ਿਸ਼ ਕੀਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਗਭਗ 52% ਸਕੂਲੀ ਬੱਚਿਆਂ ਨੇ ਡਿਸਪੋਸੇਬਲ ਈ-ਸਿਗਰੇਟ ਦੀ ਵਰਤੋਂ ਕੀਤੀ, ਜੋ ਕਿ 2020 ਵਿੱਚ 7% ਸੀ। ਜੇਕਰ ਪਿਛਲੇ ਦੋ ਤਿੰਨ ਸਾਲਾਂ ਦੀ ਹੀ ਘੋਖ ਪੜਤਾਲ ਕੀਤੀ ਜਾਵੇ ਤਾਂ ਸਕੂਲੀ ਵਿਦਿਆਰਥੀਆਂ ਵਿੱਚ ਈ-ਸਿਗਰਟ ਦੀ ਲਤ ਵਿਕਰਾਲ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਜੇਕਰ ਇਸ ਸੰਬੰਧੀ ਠੋਸ ਕਦਮ ਜਲਦੀ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਭਿਆਨਕ ਨਤੀਜੇ ਦੇਖਣ ਨੂੰ ਮਿਲਣਗੇ।

You must be logged in to post a comment Login