ਸਦਨ ’ਚ ਕੇਂਦਰ ਖਿਲਾਫ਼ ਮਤਾ ਪੇਸ਼; 20,000 ਕਰੋੜ ਦਾ ਪੈਕੇਜ ਮੰਗਿਆ

ਸਦਨ ’ਚ ਕੇਂਦਰ ਖਿਲਾਫ਼ ਮਤਾ ਪੇਸ਼; 20,000 ਕਰੋੜ ਦਾ ਪੈਕੇਜ ਮੰਗਿਆ

ਚੰਡੀਗੜ੍ਹ, 26 ਸਤੰਬਰ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹੜ੍ਹਾਂ ’ਤੇ ਬਹਿਸ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਾਕਮ ਧਿਰ ਤੇ ਵਿਰੋਧੀ ਧਿਰ ਨੂੰ ਸੱਦਾ ਦਿੱਤਾ ਕਿ ਅੱਜ ਦੀ ਬਹਿਸ ਨੂੰ ਹੜ੍ਹਾਂ ’ਚੋਂ ਉਭਰ ਰਹੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ’ਤੇ ਕੇਂਦਰਿਤ ਕੀਤਾ ਜਾਵੇ।ਜਲ ਸਰੋਤ ਮੰਤਰੀ ਨੇ ਕਿਹਾ ਕਿ ਐਤਕੀਂ ਬਰਸਾਤਾਂ ਨੇ ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਵੀ ਫ਼ੇਲ੍ਹ ਕਰ ਦਿੱਤਾ ਅਤੇ ਇਹੋ ਪਾਣੀ ਪੰਜਾਬ ਚ ਤਬਾਹੀ ਦਾ ਕਾਰਨ ਬਣਿਆ। ਇਸ ਦੌਰਾਨ ਜਿੱਥੇ ਸੂਬਾ ਸਰਕਾਰ ਨੇ ਕੇਂਦਰ ਨੂੰ ਨਿਸ਼ਾਨੇ ’ਤੇ ਰੱਖਿਆ,ਉਥੇ ਵਿਰੋਧੀ ਧਿਰ ਨੇ ਮਾਨ ਸਰਕਾਰ ਨੂੰ ਘੇਰਿਆ।

ਬਹਿਸ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕੇਂਦਰ ਸਰਕਾਰ ਖਿਲਾਫ਼ ਮਤਾ ਪੇਸ਼ ਕਰਦਿਆਂ ਕੇਂਦਰ ਤੋਂ ਪੰਜਾਬ ਲਈ 20,000 ਕਰੋੜ ਦਾ ਪੈਕੇਜ ਮੰਗਿਆ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਲਾਸ਼ਾਂ ’ਤੇ ਸਿਆਸਤ ਕਰ ਰਹੀ ਹੈ। ਉਧਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹੜ੍ਹਾਂ ਦੇ ਕਾਰਨਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਬਾਜਵਾ ਨੇ ਰੰਗਲਾ ਪੰਜਾਬ ਸੁਸਾਇਟੀ ’ਤੇ ਵੀ ਸਵਾਲ ਉਠਾਏ ਅਤੇ ਸਦਨ ਤੋਂ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਉਹ ਇਸ ਸੁਸਾਇਟੀ ਦੀ ਥਾਂ ਸਿੱਧੇ ਹੜ੍ਹ ਪੀੜਤਾਂ ਨੂੰ ਫੰਡ ਦੇਣ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਬਹਿਸ ਦੌਰਾਨ ਮੰਗ ਉਠਾਈ ਕੇ ਬੀਬੀਐਮਬੀ ਦਾ ਕੰਟਰੋਲ ਪੰਜਾਬ ਹਵਾਲੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਬੀਬੀਐਮਬੀ ਨੇ ਪੰਜਾਬ ਨੂੰ ਨਿਹੱਥਾ ਕਰੀ ਰੱਖਿਆ। ਬੀਬੀਐੱਮਬੀ ਦੀ ਜ਼ਿੱਦ ’ਤੇ ਫੈਸਲਿਆਂ ਨੇ ਪੰਜਾਬ ਦਾ ਨੁਕਸਾਨ ਕੀਤਾ। ਉਨ੍ਹਾਂ ਦਰਿਆਵਾਂ ਦੀ ਡੀਸਿਲਟਿੰਗ ’ਚ ਕੇਂਦਰੀ ਅੜਿੱਕਿਆਂ ਦਾ ਵੀ ਜ਼ਿਕਰ ਕੀਤਾ।

You must be logged in to post a comment Login