ਸਪੇਨ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਟਰੈਕਟਰ ਰੈਲੀ

ਸਪੇਨ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਟਰੈਕਟਰ ਰੈਲੀ

ਮੈਡਰਿਡ, 9 ਫਰਵਰੀ- ਸਪੇਨ ਵਿੱਚ ਹਜ਼ਾਰਾਂ ਕਿਸਾਨਾਂ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਟਰੈਕਟਰ ਪ੍ਰਦਰਸ਼ਨਾਂ ਦੇ ਦੂਜੇ ਦਿਨ ਹਾਈਵੇਅ ਜਾਮ ਕੀਤੇ। ਇਨ੍ਹਾਂ ਪ੍ਰਦਰਸ਼ਨਾਂ ਦਾ ਮੁੱਖ ਮਕਸਦ ਯੂਰਪੀਅਨ ਯੂਨੀਅਨ ਦੀਆਂ ਖੇਤੀ ਨੀਤੀਆਂ ਵਿੱਚ ਬਦਲਾਅ ਦੀ ਮੰਗ ਅਤੇ ਉਤਪਾਦਨ ਲਾਗਤ ਵਿੱਚ ਵਾਧੇ ਅਤੇ ਗੰਭੀਰ ਸੋਕੇ ਦੇ ਟਾਕਰੇ ਲਈ ਸਰਕਾਰ ਨੂੰ ਜਗਾਉਣਾ ਸੀ। ਪ੍ਰਦਰਸ਼ਨਾਂ ਕਾਰਨ ਕਈ ਮੁੱਖ ਰਾਸ਼ਟਰੀ ਰਾਜ ਮਾਰਗਾਂ ਨੂੰ ਜਾਮ ਕਰ ਦਿੱਤਾ ਗਿਆ। ਸਰਕਾਰੀ ਸਮਾਚਾਰ ਏਜੰਸੀ ਈਫੇ ਨੇ ਕਿਹਾ ਕਿ ਇਕ ਹਜ਼ਾਰ ਟਰੈਕਟਰ ਹੌਲੀ-ਹੌਲੀ ਬਾਰਸੀਲੋਨਾ ਦੇ ਸ਼ਹਿਰ ਦੇ ਕੇਂਦਰ ਵੱਲ ਜਾ ਰਹੇ ਸਨ ਜਿਸ ਕਾਰਨ ਸਪੇਨ ਦੇ ਕੈਟਾਲੋਨੀਆ ਖੇਤਰ ਦੀ ਉੱਤਰ-ਪੂਰਬੀ ਬੰਦਰਗਾਹ ਦੀ ਰਾਜਧਾਨੀ ਦੀਆਂ ਸੜਕਾਂ ’ਤੇ ਵੱਡਾ ਟਰੈਫਿਕ ਜਾਮ ਹੋ ਗਿਆ। ਹਜ਼ਾਰਾਂ ਲੋਕਾਂ ਦੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ’ਚ ਸਪੇਨ ਦੀਆਂ ਤਿੰਨ ਮੁੱਖ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਆਉਣ ਵਾਲੇ ਦਿਨਾਂ ਵਿੱਚ ਵੱਖਰੇ ਤੌਰ ’ਤੇ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਹੈ। ਬੁੱਧਵਾਰ ਨੂੰ ਸਪੇਨ ਦੀ ਸੰਸਦ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਸਾਨਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਕੇਸ ਨੂੰ ਯੂਰਪ ਲਿਜਾਣ ਦਾ ਵਾਅਦਾ ਕੀਤਾ ਸੀ। ਖੇਤੀਬਾੜੀ ਮੰਤਰਾਲੇ ਨੇ 1,40,000 ਕਿਸਾਨਾਂ ਨੂੰ ਸਪੇਨ ਦੇ ਗੰਭੀਰ ਸੋਕੇ ਅਤੇ ਯੂਕਰੇਨ ਦੇ ਖਿਲਾਫ ਰੂਸ ਦੀ ਜੰਗ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਲਈ ਮੁਆਵਜ਼ਾ ਦੇਣ ਲਈ ਲਗਪਗ 270 ਮਿਲੀਅਨ ਯੂਰੋ ਦੀ ਸਹਾਇਤਾ ਦਾ ਐਲਾਨ ਕੀਤਾ ਹੋਇਆ ਹੈ। ਖੇਤੀਬਾੜੀ ਮੰਤਰੀ ਲੁਈਸ ਪਲਾਨਾਸ ਪੁਚਾਡੇਸ ਨੇ ਸ਼ੁੱਕਰਵਾਰ ਨੂੰ ਕਿਸਾਨ ਯੂਨੀਅਨਾਂ ਨਾਲ ਮੁਲਾਕਾਤ ਕੀਤੀ ਪਰ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਮਨਾਉਣ ਵਿੱਚ ਅਸਫਲ ਰਹੇ।

You must be logged in to post a comment Login