ਸ਼ੁਭਮਨ ਗਿੱਲ ਦੇ ਬੱਲੇ ਨੇ ਪੰਜਾਬ ਦੀ ਕਰਵਾਈ ਬੱਲੇ-ਬੱਲੇ

ਸ਼ੁਭਮਨ ਗਿੱਲ ਦੇ ਬੱਲੇ ਨੇ ਪੰਜਾਬ ਦੀ ਕਰਵਾਈ ਬੱਲੇ-ਬੱਲੇ

ਚੰਡੀਗੜ੍ਹ, 8 ਜੁਲਾਈ : ਪੰਜਾਬ ਵਿੱਚ ਗੈਂਗਸਟਰਾਂ ਲਈ ਬਦਨਾਮ ਧਰਤੀ ਤੋਂ ਇੱਕ ਨਵਾਂ ਆਗੂ ਜਨਮਿਆ ਹੈ। ਉਹ ਨਾ ਤਾਂ ਏਕੇ-47 ਰਾਈਫਲ ਚੁੱਕਦਾ ਹੈ ਅਤੇ ਨਾ ਹੀ ਪੰਪ ਐਕਸ਼ਨ ਬੰਦੂਕਾਂ। ਉਹ ਕਿਸੇ ਨੂੰ ਮੌਤ ਦੇ ਘਾਟ ਨਹੀਂ ਉਤਾਰਦਾ। ਇਸ ਦੀ ਬਜਾਏ ਉਹ ਬੈਟ ਚੁੱਕਦਾ ਹੈ ਪਰ ਕਿਸੇ ਨੂੰ ਮਾਰਨ ਲਈ ਨਹੀਂ, ਸਗੋਂ ਲਾਲ ਗੇਂਦ ਨੂੰ ਸ਼ਾਨਦਾਰ ਸ਼ਾਟ ਨਾਲ ਬਾਊਂਡਰੀ ਤੋਂ ਪਾਰ ਭੇਜਣ ਲਈ। ਉਹ ਦੁਸ਼ਮਣ ਦਾ ਮਨੋਬਲ ਤੋੜ ਕੇ ਉਸ ਨੂੰ ਆਤਮ-ਸਮਰਪਣ ਕਰਨ ਲਈ ਮਜਬੂਰ ਕਰਦਾ ਹੈ। ਭਾਰਤ ਦਾ ਨਵਾਂ ਟੈਸਟ ਕਪਤਾਨ ਸ਼ੁਭਮਨ ਗਿੱਲ ਦੋ ਮੈਚਾਂ ਵਿੱਚ ਲਗਾਤਾਰ ਸੈਂਕੜੇ ਬਣਾ ਕੇ ਰਿਕਾਰਡ ਤੋੜ ਰਿਹਾ ਹੈ। ਗਿੱਲ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਜੈਮਲ ਸਿੰਘ ਵਾਲਾ ਦਾ ਰਹਿਣ ਵਾਲਾ ਹੈ, ਜੋ ਗੈਂਗਵਾਰ, ਨਸ਼ਾ ਤਸਕਰੀ, ਕਿਸਾਨ ਖੁਦਕੁਸ਼ੀਆਂ ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਲਈ ਬਦਨਾਮ ਹੈ। ਇਸ ਦੇ 50 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਫਾਜ਼ਿਲਕਾ, ਮੁਕਤਸਰ ਸਾਹਿਬ, ਮੋਗਾ ਅਤੇ ਫਰੀਦਕੋਟ ਵਰਗੇ ਇਲਾਕਿਆਂ ਤੋਂ ਪਿਛਲੇ ਦੋ ਦਹਾਕਿਆਂ ਵਿੱਚ ਕਈ ਗੈਂਗਸਟਰ ਆਏ ਹਨ। ਇਨ੍ਹਾਂ ਵਿੱਚ ਦੱਤਾਰਾਂਵਾਲੀ ਤੋਂ ਲਾਰੈਂਸ ਬਿਸ਼ਨੋਈ, ਚੰਦਭਾਨ ਤੋਂ ਡਿੰਪੀ ਚੰਦਭਾਨ, ਖੁੱਬਣ ਤੋਂ ਸ਼ੇਰਾ ਖੁੱਬਣ, ਝੁੱਗੀਆਂ ਤੋਂ ਰੌਕੀ, ਸਰਾਵਾਂ ਤੋਂ ਵਿੱਕੀ ਗੌਂਡਰ ਅਤੇ ਮੋਗਾ ਦੇ ਬੰਬੀਹਾ ਪਿੰਡ ਤੋਂ ਦਵਿੰਦਰ ਬੰਬੀਹਾ ਦੇ ਨਾਮ ਸ਼ਾਮਲ ਹਨ। ਇਨ੍ਹਾਂ ’ਚੋਂ ਬਹੁਤੇ 30 ਏਕੜ ਤੋਂ ਵੱਧ ਜ਼ਮੀਨ ਵਾਲੇ ਜ਼ਿਮੀਂਦਾਰ ਸਨ। ਸ਼ੇਰਾ, ਬੰਬੀਹਾ ਅਤੇ ਗੌਂਡਰ ਵਰਗੇ ਗੈਂਗਸਟਰ ਬਣਨ ਤੋਂ ਪਹਿਲਾਂ ਹੋਣਹਾਰ ਅਥਲੀਟ ਸਨ।

ਇਸ ਸੰਦਰਭ ਵਿੱਚ ਸ਼ੁਭਮਨ ਗਿੱਲ ਦੇ ਉਭਾਰ ਨੂੰ ਕਿਸੇ ਖੇਡ ਵਿੱਚ ਜਿੱਤ ਤੋਂ ਵੱਧ ਕੇ ਦੇਖਿਆ ਜਾ ਸਕਦਾ ਹੈ। ਇਹ ਸੱਭਿਆਚਾਰਕ ਤਬਦੀਲੀ ਹੋ ਸਕਦੀ ਹੈ। ਇੱਕ ਰੂੜੀਵਾਦੀ ਧਾਰਨਾ ਅਨੁਸਾਰ ਪੰਜਾਬੀ ਨੌਜਵਾਨ ਜਾਂ ਤਾਂ ਵਿਦੇਸ਼ ਜਾ ਰਹੇ ਹਨ, ਜਾਂ ਨਸ਼ਾ ਕਰ ਰਹੇ ਹਨ ਅਤੇ ਜਾਂ ਅਪਰਾਧ ਵੱਲ ਖਿੱਚੇ ਜਾ ਰਹੇ ਹਨ, ਪਰ ਗਿੱਲ ਦੀ ਸਫਲਤਾ ਇਸ ਧਾਰਨਾ ਨੂੰ ਕਰਾਰਾ ਜਵਾਬ ਦਿੰਦੀ ਹੈ। ਉਸ ਦੀ ਕਪਤਾਨੀ ਹੇਠ ਭਾਵੇਂ ਹਾਲੇ ਭਾਰਤ ਨੇ ਇੱਕ ਹੀ ਟੈਸਟ ਜਿੱਤਿਆ ਹੈ ਪਰ ਇਸ ਜਿੱਤ ਦੇ ਦਬਦਬੇ ਨੇ ਪਹਿਲਾਂ ਹੀ ਉਸ ਦਾ ਨਾਮ ਮਹਾਨ ਖਿਡਾਰੀਆਂ ਵਿੱਚ ਸ਼ਾਮਲ ਕਰ ਦਿੱਤਾ ਹੈ। ਉਸ ਦੀ ਜਿੱਤ ਵਿੱਚ ਪੰਜਾਬ ਦੀ ਜਿੱਤ ਨਜ਼ਰ ਆਉਂਦੀ ਹੈ। ਇਸ ਖੇਤਰ ਦੇ ਨੌਜਵਾਨਾਂ ਨੂੰ ਕਈ ਸਾਲਾਂ ਤੋਂ ‘ਗੁਮਰਾਹ ਹੋਏ ਨੌਜਵਾਨਾਂ’ ਵਜੋਂ ਪੇਸ਼ ਕੀਤਾ ਗਿਆ ਹੈ। ‘ਉੜਤਾ ਪੰਜਾਬ’ ਵਰਗੀਆਂ ਫਿਲਮਾਂ ਨੇ ਇਹ ਧਾਰਨਾ ਮਜ਼ਬੂਤ ਕੀਤੀ। ਪਰ ਪੰਜਾਬ ਨਵੇਂ ਕਿਸਮ ਦੇ ਹੀਰੋ ਦੀ ਉਡੀਕ ਕਰ ਰਿਹਾ ਸੀ।

‘ਪੰਜਾਬ ਲਈ ਗੇਮ-ਚੇਂਜਰ ਸਾਬਤ ਹੋ ਸਕਦੀ ਹੈ ਗਿੱਲ ਦੀ ਖੇਡ’

ਅਪਰਾਧ ਨਾਲ ਨਜਿੱਠਣ ਵਾਲੇ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ, ‘ਇਸ ਖੇਤਰ ਨੇ ਗੈਂਗਸਟਰ ਅਤੇ ਬਦਮਾਸ਼ ਪੈਦਾ ਕੀਤੇ ਹਨ। ਬੇਸ਼ੱਕ ਕਈ ਸਿਆਸੀ ਆਗੂ ਵੀ ਪੈਦਾ ਕੀਤੇ ਹਨ ਪਰ ਨੌਜਵਾਨ ਆਪਣੀ ਉਮਰ ਦੇ ਰੋਲ-ਮਾਡਲਾਂ ਦੀ ਭਾਲ ਕਰਦੇ ਹਨ।’ ਉਨ੍ਹਾਂ ਕਿਹਾ ਕਿ ਗਿੱਲ ਦਾ ਇਸ ਵੇਲੇ ਉਭਾਰ ਪੰਜਾਬ ਲਈ ਗੇਮ-ਚੇਂਜਰ ਹੋ ਸਕਦਾ ਹੈ। ਖੇਤਰੀ ਮਸਲੇ ਹੱਲ ਕਰਨ ਵਾਲੀ ਜਥੇਬੰਦੀ ਮਿਸਲ-ਸਤਲੁਜ ਪੰਜਾਬ ਦੇ ਸੰਸਥਾਪਕ ਅਜੈ ਪਾਲ ਸਿੰਘ ਬਰਾੜ ਨੇ ਕਿਹਾ, ‘ਪੰਜਾਬ ਨੂੰ ਜੁਝਾਰੂਪਨ ਲਈ ਜਾਣਿਆਂ ਜਾਂਦਾ ਹੈ ਪਰ ਇਹ 50 ਕਿਲੋਮੀਟਰ ਦੀ ਪੱਟੀ ਡਿੰਪੀ ਚੰਦਭਾਨ ਅਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਲਈ ਬਦਨਾਮ ਹੋ ਗਈ। ਗਿੱਲ ਨੇ ਦਿਖਾ ਦਿੱਤਾ ਹੈ ਕਿ ਜੇ ਪਰਿਵਾਰ ਦੀ ਮਦਦ ਅਤੇ ਮਜ਼ਬੂਤ ਕ੍ਰਿਕਟ ਸੱਭਿਆਚਾਰ ਨਾਲ ਇਸੇ ਊਰਜਾ ਦੀ ਵਰਤੋਂ ਸਕਾਰਾਤਮਕ ਤੌਰ ’ਤੇ ਕੀਤੀ ਜਾਵੇ ਤਾਂ ਕਿਸ ਮੁਕਾਮ ’ਤੇ ਪਹੁੰਚਿਆ ਜਾ ਸਕਦਾ ਹੈ।’

ਪੰਜਾਬ ਦੇ ਖਿਡਾਰੀ ਸਿਰਜ ਰਹੇ ਹਨ ਨਵਾਂ ਬਿਰਤਾਂਤ

ਸ਼ੁਭਮਨ ਗਿੱਲ ਤੋਂ ਇਲਾਵਾ ਮੋਗਾ ਦੀ ਜੰਮਪਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇੰਗਲੈਂਡ ਵਿੱਚ ਇਤਿਹਾਸਕ ਟੀ-20 ਲੜੀ ਵਿੱਚ ਟੀਮ ਦੀ ਅਗਵਾਈ ਕਰ ਰਹੀ ਹੈ। ਉਸ ਦੀ ਟੀਮ ਇੰਗਲੈਂਡ ਵਿੱਚ ਪਹਿਲੀ ਲੜੀ ਜਿੱਤਣ ਦੇ ਕੰਢੇ ’ਤੇ ਹੈ। ਸਾਨੂੰ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਵੀ ਨਹੀਂ ਭੁੱਲਣਾ ਚਾਹੀਦਾ, ਜਿਸ ਨੇ ਭਾਰਤ ਨੂੰ 2024 ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿਤਾਇਆ ਸੀ। ਇਹ ਅਥਲੀਟ ਰਲ ਕੇ ਪੰਜਾਬ ਦਾ ਨਵਾਂ ਬਿਰਤਾਂਤ ਸਿਰਜ ਰਹੇ ਹਨ।

You must be logged in to post a comment Login