ਸ਼੍ਰੋਮਣੀ ਕਮੇਟੀ ਵੱਲੋਂ ਹਿਮਾਚਲ ’ਚ ਸਿੱਖ ਸ਼ਰਧਾਲੂਆਂ ਨਾਲ ਬਦਸਲੂਕੀ ਦਾ ਸਖ਼ਤ ਵਿਰੋਧ

ਸ਼੍ਰੋਮਣੀ ਕਮੇਟੀ ਵੱਲੋਂ ਹਿਮਾਚਲ ’ਚ ਸਿੱਖ ਸ਼ਰਧਾਲੂਆਂ ਨਾਲ ਬਦਸਲੂਕੀ ਦਾ ਸਖ਼ਤ ਵਿਰੋਧ

ਅੰਮ੍ਰਿਤਸਰ, 19 ਮਾਰਚ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਹਿਮਾਚਲ ਪ੍ਰਦੇਸ਼ ਅੰਦਰ ਸਿੱਖ ਵਿਰੋਧੀ ਕਾਰਵਾਈਆਂ ਦੀ ਕਰੜੀ ਨਿੰਦਾ ਕਰਦਿਆਂ ਉੱਥੋਂ ਦੀ ਸਰਕਾਰ ਨੂੰ ਫਿਰਕੂ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਆਖਿਆ ਕਿ ਸਿੱਖ ਸ਼ਰਧਾਲੂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ ਪਾਵਨ ਗੁਰਧਾਮਾਂ ਦੇ ਦਰਸ਼ਨਾਂ ਲਈ ਅਕਸਰ ਜਾਂਦੇ ਹਨ, ਪਰ ਦੁੱਖ ਦੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਸੂਬੇ ਅੰਦਰ ਸਿੱਖਾਂ ਨੂੰ ਕੁਝ ਲੋਕਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਲੋਕ ਸਿੱਖ ਯਾਤਰੂਆਂ ਦੇ ਵਾਹਨਾਂ ਉੱਤੇ ਲੱਗੇ ਨਿਸ਼ਾਨ ਸਾਹਿਬ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਸਮੇਤ ਹੋਰ ਸਿੱਖ ਨਾਇਕਾਂ ਦੀਆਂ ਤਸਵੀਰਾਂ ਅਤੇ ਝੰਡੇ ਜਬਰੀ ਪਾੜ ਰਹੇ ਹਨ।

ਇਸ ਨਾਲ ਸਿੱਖ ਸ਼ਰਧਾਲੂਆਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਦੇਸ਼ ਹਿੱਤ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਜੇ ਦੇਸ਼ ਦਾ ਬਹੁ-ਧਰਮੀ ਤੇ ਬਹੁ-ਕੌਮੀ ਸੱਭਿਆਚਾਰ ਜ਼ਿੰਦਾ ਹੈ ਤਾਂ ਉਹ ਸਿੱਖਾਂ ਦੀਆਂ ਦੇਸ਼ ਲਈ ਸ਼ਹਾਦਤਾਂ ਦੀ ਬਦੌਲਤ ਹੈ।

ਉਨ੍ਹਾਂ ਕਿਹਾ ਕਿ ਹਰ ਇੱਕ ਨੂੰ ਆਪਣੇ ਧਰਮ ਦੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਅਤੇ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਪੂਰਨ ਹੱਕ ਹੈ। ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਸ਼ਰਧਾਲੂਆਂ ਨਾਲ ਵਾਪਰ ਰਹੀਆਂ ਘਟਨਾਵਾਂ ਤੋਂ ਸਪਸ਼ਟ ਹੈ ਕਿ ਉੱਥੋਂ ਦੀ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਗੰਭੀਰ ਮਾਮਲੇ ਉੱਤੇ ਚੁੱਪ ਰਹਿਣਾ ਵੀ ਸੂਬੇ ਦੇ ਲੋਕਾਂ ਵਿਰੋਧੀ ਭੁਗਤਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲੋਕਾਂ ਦੀ ਤਰਜਮਾਨੀ ਕਰੇ ਅਤੇ ਉਨ੍ਹਾਂ ਨਾਲ ਹੋ ਰਹੇ ਧੱਕੇ ਦਾ ਮਾਮਲਾ ਹਿਮਾਚਲ ਪ੍ਰਦੇਸ਼ ਸਰਕਾਰ ਕੋਲ ਉਠਾਏ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਸ਼ਟ ਤੌਰ ’ਤੇ ਆਖਦੀ ਹੈ ਕਿ ਉਹ ਇਸ ਗੰਭੀਰ ਮੁੱਦੇ ’ਤੇ ਸੰਜੀਦਾ ਪਹੁੰਚ ਅਪਣਾਏ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ‘ਐਕਸ’ ਖਾਤੇ ਉਤੇ ਪਾਈ ਇਕ ਪੋਸਟ ਰਾਹੀਂ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਸ਼ਰਧਾਲੂਆਂ ਨਾਲ ਹੋ ਰਹੀ ਬਦਸਲੂਕੀ ’ਤੇ ਸਖ਼ਤ ਇਤਰਾਜ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਿਮਾਚਲ ਪ੍ਰਦੇਸ਼ ਅਤੇ ਹੋਰ ਪਹਾੜੀ ਰਾਜਾਂ ਵਿੱਚ ਬੇਕਾਬੂ ਭੀੜ ਵੱਲੋਂ ਪੰਜਾਬ ਤੋਂ ਸਿੱਖ ਸ਼ਰਧਾਲੂਆਂ ਅਤੇ ਹੋਰ ਸੈਲਾਨੀਆਂ ‘ਤੇ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਾਰਟੀ ਨੇ ਸਾਰਿਆਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ।

You must be logged in to post a comment Login