ਸਾਊਦੀ ਵੱਲੋਂ ਪਾਕਿਸਤਾਨ ਨੂੰ ਮੰਗਤੇ ਭੇਜਣ ’ਤੇ ਰੋਕ ਲਾਉਣ ਦੀ ਅਪੀਲ

ਇਸਲਾਮਾਬਾਦ, 25 ਸਤੰਬਰ- ਸਾਊਦੀ ਅਰਬ ਨੇ ਧਾਰਮਿਕ ਯਾਤਰਾ ਦੀ ਆੜ ਹੇਠ ਸਾਊਦੀ ਅਰਬ ਵਿੱਚ ਆਉਣ ਵਾਲੇ ਪਾਕਿਸਤਾਨੀ ਮੰਗਤਿਆਂ ਦੀ ਵਧਦੀ ਗਿਣਤੀ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸਲਾਮਾਬਾਦ ਨੂੰ ਉਨ੍ਹਾਂ ਨੂੰ ਖਾੜੀ ਦੇਸ਼ ’ਚ ਦਾਖਲ ਹੋਣ ਤੋਂ ਰੋਕਣ ਲਈ ਕਾਰਵਾਈ ਕਰਨ ਲਈ ਕਿਹਾ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਾਊਦੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਸਥਿਤੀ ਨਾਲ ਨਾ ਨਜਿੱਠਿਆ ਗਿਆ ਤਾਂ ਪਾਕਿਸਤਾਨੀ ਉਮਰਾਹ ਅਤੇ ਹੱਜ ਯਾਤਰੀਆਂ ’ਤੇ ਇਸ ਦਾ ਅਸਰ ਪੈ ਸਕਦਾ ਹੈ। ਇਸ ਦੇ ਜਵਾਬ ’ਚ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨੇ ‘ਉਮਰਾਹ ਐਕਟ’ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਪਾਕਿਸਤਾਨੀ ਸਰਕਾਰ ਨੂੰ ਧਾਰਮਿਕ ਯਾਤਰਾ ਦੀ ਆੜ ਹੇਠ ਮੰਗਤਿਆਂ ਨੂੰ ਸਾਊਦੀ ਜਾਣ ਤੋਂ ਰੋਕਣ ਲਈ ਤਰੀਕੇ ਲੱਭਣ ਲਈ ਵੀ ਕਿਹਾ ਹੈ।

You must be logged in to post a comment Login