ਸਾਨੀਆ ਨੇ ਟੈਨਿਸ ਨੂੰ ਅਲਵਿਦਾ ਆਖਿਆ

ਸਾਨੀਆ ਨੇ ਟੈਨਿਸ ਨੂੰ ਅਲਵਿਦਾ ਆਖਿਆ

ਹੈਦਰਾਬਾਦ, 5 ਮਾਰਚ- ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅੱਜ ਖਿਡਾਰੀ ਵਜੋਂ ਆਪਣੇ ਸ਼ਾਨਦਾਰ ਸਫ਼ਰ ਦੀ ਸਮਾਪਤੀ ਉਸੇ ਜਗ੍ਹਾ ’ਤੇ ਕੀਤੀ, ਜਿੱਥੋਂ ਉਸ ਨੇ ਸ਼ੁਰੂਆਤ ਕੀਤੀ ਸੀ। ਸਾਨੀਆ ਨੇ ਲਾਲ ਬਹਾਦੁਰ ਟੈਨਿਸ ਸਟੇਡੀਅਮ ਵਿੱਚ ਪ੍ਰਦਰਸ਼ਨੀ ਮੈਚ ਖੇਡ ਕੇ ਆਪਣੇ ਸਫ਼ਰ ਨੂੰ ‘ਖੁਸ਼ੀ ਦੇ ਹੰਝੂਆਂ’ ਨਾਲ ਅਲਵਿਦਾ ਕਿਹਾ। ਇਸੇ ਸਟੇਡੀਅਮ ਵਿੱਚ ਉਸ ਨੇ ਕਰੀਬ ਦੋ ਦਹਾਕੇ ਪਹਿਲਾਂ ਇਤਿਹਾਸਕ ਡਬਲਿਊਟੀਏ ਸਿੰਗਲਜ਼ ਦਾ ਖਿਤਾਬ ਜਿੱਤਿਆ ਸੀ। ਇਨ੍ਹਾਂ ਪ੍ਰਦਰਸ਼ਨੀ ਮੈਚਾਂ ਵਿੱਚ ਰੋਹਨ ਬੋਪੰਨਾ, ਯੁਵਰਾਜ ਸਿੰਘ ਅਤੇ ਉਸ ਦੀ ਸਭ ਤੋਂ ਚੰਗੀ ਦੋਸਤ ਬੇਥਾਨੀ ਮੈਟੇਕ ਸੈਂਡਸ ਨੇ ਹਿੱਸਾ ਲਿਆ। ਇਹ ਮੈਚ ਦੇਖਣ ਲਈ ਆਉਣ ਵਾਲਿਆਂ ਵਿੱਚ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਸ਼ਾਮਲ ਸਨ। ਛੇ ਵਾਰ ਦੀ ਗਰੈਂਡ ਸਲੈਮ ਜੇਤੂ (ਤਿੰਨ ਮਹਿਲਾ ਡਬਲਜ਼ ਅਤੇ ਤਿੰਨ ਮਿਕਸਡ ਡਬਲਜ਼) ਨੇ ਦੋ ਮਿਕਸਡ ਡਬਲਜ਼ ਪ੍ਰਦਰਸ਼ਨੀ ਮੈਚ ਖੇਡੇ ਅਤੇ ਦੋਵੇਂ ਜਿੱਤੇ। ਮੈਚਾਂ ਮਗਰੋਂ ਤੇਲੰਗਾਨਾ ਦੇ ਮੰਤਰੀ ਕੇ.ਟੀ ਰਾਮਾ ਰਾਓ ਅਤੇ ਸੂਬੇ ਦੇ ਖੇਡ ਮੰਤਰੀ ਵੀ ਸ੍ਰੀਨਿਵਾਸ ਗੌਡ ਨੇ ਸਾਨੀਆ ਨੂੰ ਵਧਾਈ ਦਿੱਤੀ।

You must be logged in to post a comment Login