ਸਿਧਾਂਤਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ : ਸਿੱਧੂ

ਸਿਧਾਂਤਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ : ਸਿੱਧੂ

ਚੰਡੀਗੜ੍ਹ, 29 ਸਤੰਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਆਪਣੀ ਚੁੱਪ ਤੋੜਦਿਆਂ ਨਵੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਨਵੇਂ ਡੀਜੀਪੀ ਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਸਿਧਾਂਤਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਰਾਜ ਵਿੱਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨਿਆਂ ਪਹਿਲਾਂ ਕਾਂਗਰਸ ਨੂੰ ਨਵੇਂ ਸੰਕਟ ਵਿੱਚ ਘੇਰਦਿਆਂ ਸ੍ਰੀ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਕੈਬਨਿਟ ਦੇ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਤੋਂ ਤੁਰੰਤ ਬਾਅਦ ਮੰਗਲਵਾਰ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਟਵਿੱਟਰ ‘ਤੇ ਆਪਣੀ ਗੱਲ ਰੱਖਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹਮੇਸ਼ਾਂ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਰਿਹਾ ਹੈ। ਉਨ੍ਹਾਂ ਦੀ ਲੜਾਈ ਪੰਜਾਬ ਦੇ ਮੁੱਦਿਆਂ ਅਤੇ ਏਜੰਡੇ ਲਈ ਹੈ। ਚਾਰ ਮਿੰਟ ਤੋਂ ਵੱਧ ਦੀ ਵੀਡੀਓ ਕਲਿੱਪ ਵਿੱਚ ਸਪੱਸ਼ਟ ਤੌਰ ‘ਤੇ ਸੀਨੀਅਰ ਆਈਪੀਐੱਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ, ਜਿਨ੍ਹਾਂ ਨੂੰ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਦਾ ਜ਼ਿਕਰ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ, ‘ਜਦੋਂ ਮੈਂ ਉਨ੍ਹਾਂ ਲੋਕਾਂ ਨੂੰ ਵੇਖਦਾ ਹਾਂ ਜਿਨ੍ਹਾਂ ਨੇ ਛੇ ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ, ਅਜਿਹੇ ਵਿਅਕਤੀਆਂ ਨੂੰ ਨਿਆਂ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ੍ਰੀ ਸਹੋਤਾ 2015 ਵਿੱਚ ਤਤਕਾਲੀ ਅਕਾਲੀ ਸਰਕਾਰ ਦੁਆਰਾ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਸਨ। ਸ੍ਰੀ ਸਿੱਧੂ ਨੇ ਸਪੱਸ਼ਟ ਤੌਰ ‘ਤੇ ਏਪੀਐੱਸ ਦਿਓਲ ਦੀ ਰਾਜ ਦੇ ਨਵੇਂ ਐਡਵੋਕੇਟ ਜਨਰਲ ਵਜੋਂ ਨਿਯੁਕਤੀ ’ਤੇ ਵੀ ਸਵਾਲ ਉਠਾਏ ਹਨ। ਦਿਓਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਹਨ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਵਕੀਲ ਰਹੇ ਹਨ।

You must be logged in to post a comment Login