ਸਿਰਸਾ: ਜੇ.ਜੇ. ਕਾਲੋਨੀ ਸਥਿਤ ਗੁਰਦੁਆਰੇ ਵਿੱਚ ਬੇਅਦਬੀ ਦੀ ਕੋਸ਼ਿਸ਼

ਸਿਰਸਾ: ਜੇ.ਜੇ. ਕਾਲੋਨੀ ਸਥਿਤ ਗੁਰਦੁਆਰੇ ਵਿੱਚ ਬੇਅਦਬੀ ਦੀ ਕੋਸ਼ਿਸ਼

ਸਿਰਸਾ, 30 ਅਪਰੈਲ- ਇੱਥੋਂ ਦੀ ਜੇ.ਜੇ. ਕਾਲੋਨੀ ਸਥਿਤ ਗੁਰਦੁਆਰੇ ਵਿੱਚ ਇਕ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੇ ਇਸ ਸਬੰਧ ’ਚ ਕੇਸ ਦਰਜ ਕਰ ਕੇ ਇਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜੇ.ਜੇ. ਕਾਲੋਨੀ ਸਥਿਤ ਗੁਰਦੁਆਰੇ ਦੇ ਗ੍ਰੰਥੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ 4.15 ਵਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਜਦੋਂ ਇਸ਼ਨਾਨ ਕਰ ਰਿਹਾ ਸੀ ਤਾਂ ਇਸੇ ਦੌਰਾਨ ਇਕ ਨੌਜਵਾਨ ਘਰ ਆਇਆ ਤੇ ਉਸ ਨੇ ਗੁਰਦੁਆਰੇ ਦੇ ਮੁੱਖ ਦਰਵਾਜ਼ੇ ਦੀਆਂ ਚਾਬੀਆਂ ਲੈ ਕੇ ਜਿੰਦਰਾ ਖੋਲ੍ਹ ਲਿਆ। ਗ੍ਰੰਥੀ ਨੇ ਦੱਸਿਆ ਕਿ ਜਦੋਂ ਉਹ ਇਸ਼ਨਾਨ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਆਇਆ ਤਾਂ ਉਸ ਨੇ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੀੜ੍ਹਾ ਤਖ਼ਤ ਤੋਂ ਹੇਠਾਂ ਸੁੱਟਿਆ ਹੋਇਆ ਸੀ ਅਤੇ ਗੁਟਕੇ ਤੇ ਰੁਮਾਲੇ ਵੀ ਇੱਧਰ-ਉੱਧਰ ਸੁੱਟੇ ਪਏ ਸਨ ਅਤੇ ਚਾਬੀ ਲੈਣ ਵਾਲਾ ਨੌਜਵਾਨ ਉਥੋਂ ਭੱਜ ਗਿਆ। ਇਸ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੀ ਸੂਚਨਾ ਲੋਕਾਂ ਨੂੰ ਮਿਲੀ ਤਾਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਆਗੂ ਸੁਖਵਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਨੰਬਰਦਾਰ ਵੈਦਵਾਲਾ ਸਮੇਤ ਵੱਡੀ ਗਿਣਤੀ ’ਚ ਸਿੱਖ ਸੰਗਤ ਗੁਰਦੁਆਰੇ ਪਹੁੰਚੀ ਤੇ ਇਸ ਮਾਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਬਾਅਦ ਵਿੱਚ ਸਿੱਖ ਸੰਗਤ ਨੇ ਸਦਰ ਥਾਣੇ ਪਹੁੰਚ ਕੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮਾਮਲੇ ’ਚ ਥਾਣਾ ਸਿਟੀ ਦੇ ਇੰਚਾਰਜ ਅਮਿਤ ਬੈਨੀਵਾਲ ਨੇ ਕਿਹਾ ਕਿ ਪੁਲੀਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

You must be logged in to post a comment Login