ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਖਿਲਾਫ ਹੋਵੇ ਸਖਤ ਕਾਰਵਾਈ

ਅੰਮ੍ਰਿਤਸਰ : ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਦੇ ਮਾਮਲੇ ‘ਚ ਸਿਰਫ ਅਕਾਲ ਤਖਤ ਦੇ ਜਥੇਦਾਰ ਖਿਲਾਫ ਹੀ ਕਾਰਵਾਈ ਨਹੀਂ ਹੋਣੀ ਚਾਹੀਦੀ ਸਗੋਂ ਇਸ ਫੈਸਲੇ ‘ਚ ਸ਼ਾਮਲ ਸਮੂਹ ਜਥੇਦਾਰਾਂ ਤੇ ਇਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਹਾਲ ਹੀ ‘ਚ ਅਕਾਲ ਤਖਤ ਦੇ ਜਥੇਦਾਰ ਨੂੰ ਫਾਰਗ ਕਰਨ ਦਾ ਸੁਝਾਅ ਦਿੱਤਾ ਹੈ। ਇਸ ਬਿਆਨ ਦੇ ਪ੍ਰਤੀਕਰਮ ‘ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਨੇ ਕਿਹਾ ਕਿ ਇਸ ਫੈਸਲੇ ‘ਚ ਸ਼ਾਮਲ ਉਸ ਵੇਲੇ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥਦਾਰ ਗਿਆਨੀ ਗੁਰਮੁਖ ਸਿੰਘ ਪਹਿਲਾਂ ਹੀ ਇੰਕਸ਼ਾਫ ਕਰ ਚੁੱਕੇ ਹਨ ਕਿ ਇਸ ਮਾਮਲੇ ‘ਚ ਤਿੰਨਾਂ ਜਥੇਦਾਰਾਂ ਨੂੰ ਉਸ ਵੇਲੇ ਚੰਡੀਗੜ੍ਹ ਮੁੱਖ ਰਿਹਾਇਸ਼ ‘ਤੇ ਸੱਦਿਆ ਗਿਆ ਸੀ, ਜਿਥੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦਾ ਕਿਹਾ ਗਿਆ ਸੀ। ਉਸ ਸਮੇਂ ਦਿੱਤੀ ਮੁਆਫੀ ਨੂੰ ਸਹੀਂ ਸਾਬਤ ਕਰਨ ਲਈ ਸ਼੍ਰੋਮਣੀ ਕਮੇਟੀ ਨੇ 92 ਲੱਖ ਦੇ ਇਸ਼ਤਿਹਾਰ ਦਿੱਤੇ ਤੇ ਫੈਸਲੇ ਦਾ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਲਈ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਉਸ ਸਮੇਂ ਦੇ ਅੰਤ੍ਰਿੰਗ ਕਮੇਟੀ ਵੀ ਗੋਲਕ ਦੀ ਦੁਰਵਰਤੋਂ ਲਈ ਸਿੱਧੇ ਰੂਪ ‘ਚ ਦੋਸ਼ੀ ਹੈ।

You must be logged in to post a comment Login