ਮੋਗਾ, 6 ਜੁਲਾਈ- ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਇਆ ਨਹੀਂ ਜਾਵੇਗਾ। ਉਹ ਇੱਥੇ ਗੈਂਗਸਟਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਜ਼ਖ਼ਮੀ ਹੋਏ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ ਦਾ ਹਾਲ ਜਾਨਣ ਪੁੱਜੇ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਨਕਲੀ ਮਰੀਜ਼ ਬਣ ਕੇ ਡਾਕਟਰ ’ਤੇ ਗੋਲੀਆਂ ਚਲਾਉਣੀਆਂ ਕੋਈ ਇਨਸਾਨੀਅਤ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ. ਅਨਿਲ ਕੰਬੋਜ ਦੇ ਇਲਾਜ ਲਈ ਪੰਜਾਬ ਸਰਕਾਰ ਹਰ ਸੰਭਵ ਮਦਦ ਕਰ ਰਹੀ ਹੈ। ਇਸ ਮੌਕੇ ਡੀਐੱਮਸੀਐੱਚ ਦੇ ਹੈੱਡ ਅਤੇ ਪ੍ਰਸਿੱਧ ਪ੍ਰੋਫੈਸਰ ਕਾਰਡੀਓਲਾਜੀ ਡਾ. ਬਿਸਵ ਮੋਹਨ ਤੋਂ ਆਨਲਾਈਨ ਡਾ. ਅਨਿਲ ਕੰਬੋਜ ਦੀ ਸਿਹਤ ਸਬੰਧੀ ਡਾਕਟਰੀ ਸੁਝਾਅ ਲਿਆ। ਉਨ੍ਹਾਂ ਕਿਹਾ ਕਿ ਡੀਐਮਸੀ ਦੇ ਮਾਹਿਰ ਡਾਕਟਰਾਂ ਦੀ ਟੀਮ ਵੀ ਜਲਦੀ ਹੀ ਇੱਥੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਾ. ਕੰਬੋਜ ਦੀ ਸਿਹਤ ਬਾਰੇ ਰੋਜ਼ਾਨਾ ਅਪਡੇਟ ਲੈ ਰਹੇ ਹਨ।
ਸਿਹਤ ਮੰਤਰੀ ਨੇ ਡਾ. ਅਨਿਲ ਕੰਬੋਜ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਂਸਲੇ ਤੋਂ ਕੰਮ ਲੈਣ ਲਈ ਕਿਹਾ। ਇਸ ਮੌਕੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਧਰਮਕੋਟ ਡਾ. ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ, ਐੱਸਐੱਸਪੀ ਅਜੇ ਗਾਂਧੀ ਤੇ ਹੋਰ ਵੀ ਰਾਜਨੀਤਿਕ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਾਰ ਸਨ।
ਹਮਲਾਵਰਾਂ ਦੀ ਪੈੜ ਨੱਪਣ ਲਈ 10 ਟੀਮਾਂ ਬਣਾਈਆਂ
ਫ਼ਰੀਦਕੋਟ ਰੇਂਜ਼ ਦੇ ਡੀਆਈਜੀ ਅਸ਼ਵਨੀ ਕਪੂਰ, ਐੱਸਐੱਸਪੀ ਅਜੇ ਗਾਂਧੀ ਅਤੇ ਐੱਸਪੀ ਡੀ ਡਾ. ਬਾਲ ਕ੍ਰਿਸ਼ਨ ਸਿੰਗਲਾ ਨੇ ਲੰਘੀ ਦੇਰ ਰਾਤ ਕਰੀਬ 9.30 ਵਜੇ ਕਾਹਲੀ ਵਿੱਚ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹਮਲਾਵਰਾਂ ਦੀ ਪੈੜ ਨੱਪਣ ਲਈ 10 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਵੀ ਸੰਭਵ ਹੈ। ਉਨ੍ਹਾਂ ਕਿਹਾ ਕਿ ਦਸੰਬਰ 2022 ਵਿੱਚ ਗੈਂਗਸਟਰਾਂ ਵੱਲੋਂ ਡਾ. ਅਨਿਲ ਕੰਬੋਜ ਤੋਂ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਕਰੀਬ ਢਾਈ ਸਾਲ ਸੁਰੱਖਿਆ ਮਹੁੱਈਆ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਨੂੰ ਕੋਈ ਧਮਕੀ ਨਹੀਂ ਮਿਲੀ ਅਤੇ ਹਾਲਾਤ ਦੇ ਮੱਦੇਨਜ਼ਰ ਸੁਰੱਖਿਆ ਵਾਪਸ ਲਈ ਗਈ ਸੀ। ਹਾਲ ਹੀ ਵਿਚ ਪਰਿਵਾਰ ਨੇ ਪੁਲੀਸ ਨਾਲ ਕੋਈ ਵੀ ਧਮਕੀ ਜਾਂ ਫ਼ਿਰੌਤੀ ਮੰਗਣ ਬਾਰੇ ਕੋਈ ਗੱਲ ਸਾਂਝੀ ਨਹੀਂ ਕੀਤੀ ਸੀ।
You must be logged in to post a comment Login