ਬਲੱਡ ਬੈਂਕ ਵਿਚ ਹੀ ਕਾਲਜ ਸਟਾਫ ਨਾਲ ਕੱਟਿਆ ਕੇਕ
ਪਟਿਆਲਾ, 23 ਅਕਤੂਬਰ (ਗੁਰਪ੍ਰੀਤ ਕੰਬੋਜ)-ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਬਲੱਡ ਬੈਂਕ ਵਿਖੇ ਮੈਡੀਕਲ ਸਿੱਖਿਆ ਅਤੇ ਸਿਹਤ ਮੰਤਰੀ ਪੰਜਾਬ ਸ੍ਰ. ਚੇਤਨ ਸਿੰਘ ਜੌੜਮਾਜਰਾ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਵਲੋਂ ਆਪਣੇ ਜਨਮ ਦਿਨ ’ਤੇ ਖੂਨ ਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀ ਕੀਤੀ। ਉਹ ਅੱਜ ਬਲੱਡ ਬੈਂਕ ਵਿੱਚ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਆਏ ਸਨ ਅਤੇ ਖੂਨ ਇਕੱਠਾ ਕਰਨ ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਇਥੇ ਹੀ ਕੇਕ ਕੱਟਿਆ ਗਿਆ। ਸ੍ਰ. ਜੌੜੇਮਾਜਰਾ ਵਲੋਂ ਸਾਰਿਆਂ ਨੂੰ ਖੁਸ਼ਹਾਲ, ਸੁਰੱਖਿਅਤ ਅਤੇ ਹਰੀ ਪਟਾਕੇ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਾਤਾਵਰਣ ਪ੍ਰਦੁਸ਼ਨ ਰਹਿਤ ਤੇ ਸ਼ੁੱਧ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਬੂਟੇ ਲਗਾ ਕੇ ਦਿੱਤਾ। ਇਥੇ 365 ਬੂਟੇ ਵੀ ਲਗਾਏ ਗਏ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਵਲੋਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਲੋਈ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਹਰਜਿੰਦਰ ਸਿੰਘ ਵਲੋਂ ਸਭ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਡੇ ਵਲੋਂ ਕੀਤੇ ਗਏ ਖੂਨਦਾਨ ਨਾਲ ਕਿਸੇ ਨਾ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ, ਇਸ ਲਈ ਸਭ ਨੂੰ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ‘ਆਪ’ ਵਿਧਾਇਕ ਡਾ. ਬਲਵੀਰ ਸਿੰਘ, ਮੈਡੀਕਲ ਸੁਪਰਡੰਟ ਡਾ. ਹਰਨਾਮ ਸਿੰਘ ਰੇਖੀ, ਵਾਇਸ ਪ੍ਰਿੰਸੀਪਲ ਡਾ. ਆਰ. ਪੀ. ਐਸ. ਸੀਬੀਆ, ਡਾ. ਰਜਨੀਸ਼ ਕੁਮਾਰ ਆਦਿ ਹਾਜ਼ਰ ਸਨ।


You must be logged in to post a comment Login