ਸਿੱਖ ਬੀਬੀਆਂ ਨੂੰ ਹੈਲਮੈੱਟ ਪਹਿਨਣ ‘ਚ ਛੋਟ ਦੇਣ ਦੇ ਮੂਡ ‘ਚ ਨਹੀਂ ‘ਚੰਡੀਗੜ੍ਹ’!

ਸਿੱਖ ਬੀਬੀਆਂ ਨੂੰ ਹੈਲਮੈੱਟ ਪਹਿਨਣ ‘ਚ ਛੋਟ ਦੇਣ ਦੇ ਮੂਡ ‘ਚ ਨਹੀਂ ‘ਚੰਡੀਗੜ੍ਹ’!

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਸਿੱਖ ਔਰਤਾਂ ਨੂੰ ਫਿਲਹਾਲ ਹੈਲਮੈੱਟ ਪਹਿਨਣ ‘ਚ ਛੋਟ ਦਿੱਤੇ ਜਾਣ ਦੇ ਮੂਡ ‘ਚ ਨਹੀਂ ਲੱਗ ਰਿਹਾ। ਪ੍ਰਸ਼ਾਸਨ ਹਾਈਕੋਰਟ ਤੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਚ ਉਲਝ ਗਿਆ ਹੈ। ਗ੍ਰਹਿ ਮੰਤਰਾਲੇ ਨੇ ਯੂ. ਟੀ. ਪ੍ਰਸ਼ਾਸਨ ਨੂੰ ਦਿੱਲੀ ਦੀ ਤਰਜ਼ ‘ਤੇ ਮਾਮਲੇ ‘ਚ ਐਡਵਾਈਜ਼ਰੀ ਜਾਰੀ ਕਰਨ ਦੀ ਹਦਾਇਤ ਦਿੱਤੀ ਸੀ। ਐੱਮ. ਐੱਚ. ਏ. ਵਲੋਂ ਜਾਰੀ ਐਡਵਾਈਜ਼ਰੀ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਆਪਣਾ ਪੱਖ ਰੱਖਣ ਲਈ ਨਵੀਂ ਦਿੱਲੀ ਸਥਿਤ ਗ੍ਰਹਿ ਮੰਤਰਾਲੇ ਨੂੰ ਇਕ ਟੀਮ ਭੇਜੀ ਹੈ। ਇਹ ਟੀਮ ਹੈਲਮੈੱਟ ਪਹਿਨਣ ਤੋਂ ਛੋਟ ਦਿੱਤੇ ਜਾਣ ‘ਚ ਹਾਈਕੋਰਟ ਸਮੇਤ ਤਮਾਮ ਫਸੇ ਪੇਚਾਂ ਤੋਂ ਮੰਤਰਾਲੇ ਨੂੰ ਜਾਣੂੰ ਕਰਾਵੇਗੀ। ਇਸ ਤੋਂ ਬਾਅਦ ਹੀ ਪ੍ਰਸ਼ਾਸਨ ਵਲੋਂ ਕੋਈ ਫੈਸਲਾ ਲਿਆ ਜਾ ਸਕਦਾ ਹੈ। ਫਿਲਹਾਲ ਜਾਣਕਾਰਾਂ ਦੀ ਮੰਨੀਏ ਤਾਂ ਯੂ. ਟੀ. ਪ੍ਰਸ਼ਾਸਨ ਅਜੇ ਸਿੱਖ ਔਰਤਾਂ ਨੂੰ ਹੈਲਮੈੱਟ ਪਹਿਨਣ ‘ਚ ਛੋਟ ਨਹੀਂ ਦੇਣਾ ਚਾਹੁੰਦਾ ਕਿਉਂਕਿ ਹਾਲ ਹੀ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਔਰਤਾਂ ਨੂੰ ਹੈਲਮੈੱਟ ਪਹਿਨਣ ‘ਚ ਛੋਟ ਦਿੱਤੇ ਜਾਣ ਦੇ ਮਾਮਲੇ ‘ਚ ਦਰਜ ਪਟੀਸ਼ਨ ‘ਤੇ ਸਖਤ ਰੁਖ ਅਖਤਿਆਰ ਕੀਤਾ ਸੀ। ਇਸ ਦੇ ਚੱਲਦਿਆਂ ਪ੍ਰਸ਼ਾਸਨ ਜਲਦਬਾਜ਼ੀ ‘ਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ।

You must be logged in to post a comment Login