ਸਿੱਧੂ ਦੀ ਜੱਫੀ ਰੰਧਾਵਾ ਤੇ ਬਾਜਵਾ ਨੂੰ ਵੀ ਰੜਕੀ, ਮਿਲੇ ਤਿੱਖੇ ਜਵਾਬ

ਸਿੱਧੂ ਦੀ ਜੱਫੀ ਰੰਧਾਵਾ ਤੇ ਬਾਜਵਾ ਨੂੰ ਵੀ ਰੜਕੀ, ਮਿਲੇ ਤਿੱਖੇ ਜਵਾਬ

ਚੰਡੀਗੜ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਪਾਈ ਜੱਫੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਧ ਰੰਧਾਵਾ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਵੀ ਰੜਕੀ, ਜਿਸ ਤੋਂ ਬਾਅਦ ਬੀਤੇ ਦਿਨ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਸਿੱਧੂ ਨੇ ਦੋਹਾਂ ਨੂੰ ਤਿੱਖੇ ਜਵਾਬ ਦਿੱਤੇ। ਜਦੋਂ ਮੀਟਿੰਗ ‘ਚ ਦੋਹਾਂ ਮੰਤਰੀਆਂ ਨੇ ਸਿੱਧੂ ਨੂੰ ਇਸ ਮੁੱਦੇ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉੱਚੇਰੀ ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੂ ਦੀ ਪਿੱਠ ਥਾਪੜੀ। ਮੁੱਖ ਮੰਤਰੀ ਨੇ ਬਚਾਅ ਵਾਲਾ ਰਸਤਾ ਹੀ ਚੁਣਿਆ। ਨਵਜੋਤ ਸਿੱਧੂ ਨੇ ਸਿਆਸੀ ਵਿਰੋਧੀਆਂ ‘ਤੇ ਹੱਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਕਿਸੇ ਸੱਦੇ ਤੋਂ ਹੀ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਘਰ ਪੁੱਜ ਗਏ ਸਨ ਤੇ ਜੱਫੀਆਂ ਪਾਈਆਂ ਸਨ। ਸਿੱਧੂ ਨੇ ਕਿਹਾ ਕਿ ਇਕ ਸਮਾਰੋਹ ਦੌਰਾਨ ਜੇਕਰ ਪਾਕਿਸਤਾਨ ਦੇ ਫੌਜ ਜਰਨੈਲ ਨੇ ਖੁਦ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਤਾਂ ਉਸ ਨੂੰ ਠੁਕਰਾਇਆ ਕਿਵੇਂ ਜਾ ਸਕਦਾ ਸੀ। ਇਸ ਮੁੱਦੇ ‘ਤੇ ਤਕਰੀਬਨ 15 ਮਿੰਟਾਂ ਤੱਕ ਬਹਿਸ ਹੋਈ। ਅਖੀਰ ‘ਚ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਕਿਸਤਾਨ ‘ਚ ਆਈ ਸਿਆਸੀ ਤਬਦੀਲੀ ਨਾਲ ਖਿੱਤੇ ‘ਚ ਅਮਨ ਦੀਆਂ ਸੰਭਾਵਨਾਵਾਂ ਵਧੀਆਂ ਹਨ।

You must be logged in to post a comment Login