ਸਿੱਧੂ ਮੂਸੇਵਾਲਾ ਕਤਲ ਦਾ ਮਾਸਟਰ ਮਾਈਂਡ ਸਚਿਨ ਥਾਪਨ ਅਜ਼ਰਬਾਇਜਾਨ ’ਚ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਕਤਲ ਦਾ ਮਾਸਟਰ ਮਾਈਂਡ ਸਚਿਨ ਥਾਪਨ ਅਜ਼ਰਬਾਇਜਾਨ ’ਚ ਗ੍ਰਿਫ਼ਤਾਰ

ਮਾਨਸਾ, 30 ਅਗਸਤ- ਮਾਨਸਾ ਪੁਲੀਸ ਦੀ ਚਾਰਜਸ਼ੀਟ ਵਿੱਚ ਸਿੱਧੂ ਮੂਸੇਵਾਲਾ ‌ਦੇ ਕਾਤਲ ਵਜੋਂ ਨਾਮਜ਼ਦ ਤੇ ਇਸ ਕਤਲ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਨੂੰ ਅਜ਼ਰਬਾਇਜਾਨ ਵਿਚ ਗਿ੍ਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਮਿਲੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਕੈਨੇਡਾ ਤੋਂ ਕੀਨੀਆ ਚਲਾ ਗਿਆ ਹੈ, ਜਿਸ ਦੀ ਲੁਕੇਸ਼ਨ ਪੁਲੀਸ ਨੂੰ ਪਤਾ ਚੱਲ ਗਈ ਹੈ। ਇਹ ਦੋਵੇਂ ਫ਼ਰਜ਼ੀ ਪਾਸਪੋਰਟ ਜ਼ਰੀਏ ਸਿੱਧੂ ਮੂਸੇਵਾਲਾ ‌ਦੇ ਕ਼ਤਲ ਤੋਂ ਪਹਿਲਾਂ ਭਾਰਤ ਛੱਡ ਗਏ ਸਨ। ਪੰਜਾਬ ਪੁਲੀਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਕੇਂਦਰੀ ਵਿਦੇਸ਼ ਮੰਤਰਾਲੇ ਦੇ ਉਪਰਾਲੇ ਨਾਲ ਇਨ੍ਹਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਪੰਜਾਬ ਪੁਲੀਸ ਨੇ ਵਿਦੇਸ਼ ਮੰਤਰਾਲੇ ਨੂੰ ਉਨ੍ਹਾਂ ਦੀ ਅਪਰਾਧਕ ਹਿਸਟਰੀ ਭੇਜੀ ਸੀ। ਸਚਿਨ ਥਾਪਨ ਨੇ ਸਿੱਧੂ ਮੂਸੇਵਾਲਾ ‌ਦੇ ਕ਼ਤਲ ਦੀ ਜ਼ਿੰਮੇਵਾਰੀ ਵੀ ਟੀਵੀ ਚੈਨਲ ਰਾਹੀਂ ਲਈ ਸੀ। ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਮਾਨਸਾ ਪੁਲੀਸ ਵਲੋਂ ਸਿੱਧੂ ਮੂਸੇਵਾਲਾ ਦੀ ਚਾਰਜਸ਼ੀਟ ਵਿੱਚ ਸ਼ਾਮਲ ਵਿਦੇਸ਼ ਵਿਚ ਰਹਿੰਦੇ ਚਾਰੇ ਮੁਲਜ਼ਮਾਂ ਨੂੰ ਭਾਰਤ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

You must be logged in to post a comment Login