ਮਾਨਸਾ, 13 ਅਕਤੂਬਰ- ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ਵਿੱਚ ਇਕ ਨਾਮਜ਼ਦ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਹੈ। ਉਹ ਮਰਹੂਮ ਪੰਜਾਬੀ ਗਾਇਕ ਦੇ ਮੂਸਾ ਪਿੰਡ ਦਾ ਗੁਆਂਢੀ ਜਗਤਾਰ ਸਿੰਘ ਹੈ। ਕਿਸੇ ਸਮੇਂ ਉਸ ਦੀ ਗਾਇਕ ਮੂਸੇਵਾਲਾ ਨਾਲ ਸਭ ਤੋਂ ਵੱਧ ਨੇੜਤਾ ਸੀ। ਉਸ ਨੂੰ ਪੁਲੀਸ ਵਲੋਂ ਉਸ ਵੇਲੇ ਹਿਰਾਸਤ ਵਿਚ ਲਿਆ ਗਿਆ, ਜਦੋਂ ਉਹ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਦੁਬਈ ਜਾ ਰਿਹਾ ਸੀ। ਦੱਸਿਆ ਗਿਆ ਹੈ ਕਿ ਉਸ ਵਿਰੁੱਧ ਪੁਲੀਸ ਵਲੋਂ ਲੁੱਕ-ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਪੁਲੀਸ ਕੋਲ ਸ਼ੱਕ ਦੇ ਆਧਾਰ ਉੱਤੇ ਉਸ ਦਾ ਅਸਿੱਧੇ ਤੌਰ ’ਤੇ ਕਤਲ ਵਿੱਚ ਹੱਥ ਦੱਸਿਆ ਗਿਆ ਸੀ। ਉਸ ਉਪਰ ਪੁਲੀਸ ਵਲੋਂ ਮਾਮਲਾ ਦਰਜ ਕੀਤਾ ਹੋਇਆ ਸੀ ਅਤੇ ਉਸ ਦਾ ਨਾਂ ਚਾਰਜਸ਼ੀਟ ਵਿੱਚ ਵੀ ਦੱਸਿਆ ਗਿਆ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਵੱਲੋਂ ਉਸ ਨੂੰ ਹਿਰਾਸਤ ਲਿਆ ਗਿਆ ਹੈ। ਉਸ ਨੂੰ ਅੰਮ੍ਰਿਤਸਰ ਤੋਂ ਲੈਣ ਲਈ ਮਾਨਸਾ ਪੁਲੀਸ ਦੀ ਟੀਮ ਰਵਾਨਾ ਹੋ ਗਈ ਹੈ।

You must be logged in to post a comment Login