ਨਵੀਂ ਦਿੱਲੀ, 7 ਨਵੰਬਰ : ਸੀਬੀਆਈ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਤੇ ਹੋਰਨਾਂ ਖਿਲਾਫ਼ ਉਨ੍ਹਾਂ ਦੇ ਪੁੱਤਰ ਅਕੀਲ ਅਖ਼ਤਰ (35) ਦੇ ਕਤਲ ਕੇਸ ਵਿਚ ਐੱਫਆਈਆਰ ਦਰਜ ਕੀਤੀ ਹੈ। ਅਖ਼ਤਰ ਦੀ 16 ਅਕਤੂਬਰ ਨੂੰ ਹਰਿਆਣਾ ਦੇ ਪੰਚਕੂਲਾ ਵਿਚ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਦਰਜ ਐੱਫਆਈਆਰ ਮੁਤਾਬਕ ਪੀੜਤ ਤੇ ਉਸ ਦੇ ਪਰਿਵਾਰ ਵਿਚਾਲੇ ਨਾਰਾਜ਼ਗੀ ਚੱਲ ਰਹੀ ਸੀ।ਸੀਬੀਆਈ ਦੇ ਬੁਲਾਰੇ ਨੇ ਵੀਰਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਕਿਹਾ, ‘‘”ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 6 ਨਵੰਬਰ ਨੂੰ ਅਕੀਲ ਅਖਤਰ ਕਤਲ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਇਸ ਬਿਨਾਹ ’ਤੇ ਦਰਜ ਕੀਤੀ ਗਈ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਪੰਜਾਬ ਦੀ ਸਾਬਕਾ ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ, ਜੋ ਪੰਚਕੂਲਾ ਦੇ ਮਨਸਾ ਦੇਵੀ ਮੰਦਰ ਨੇੜੇ ਸੈਕਟਰ 4 ਵਿੱਚ ਰਹਿੰਦਾ ਸੀ, ਦੀ 16 ਅਕਤੂਬਰ ਨੂੰ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ।’’ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਬੀਆਈ ਨੇ ਮੁਸਤਫਾ ਤੇ ਸੁਲਤਾਨਾ ਤੋਂ ਇਲਾਵਾ ਅਖ਼ਤਰ ਦੀ ਪਤਨੀ ਅਤੇ ਭੈਣ ਵਿਰੁੱਧ ਕਤਲ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਬੀਐੱਨਐੱਸ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਹੈ। ਏਜੰਸੀ ਨੇ ਕਿਹਾ ਕਿ ਅਖ਼ਤਰ ਨੇ 27 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਸ ਨੂੰ ਆਪਣੀ ਪਤਨੀ ਅਤੇ ਪਿਤਾ ਵਿਚਕਾਰ ‘ਨਾਜਾਇਜ਼ ਸਬੰਧਾਂ’ ਦਾ ਪਤਾ ਲੱਗਾ ਹੈ। ਅਖ਼ਤਰ ਨੇ ਪੋਸਟ ਵਿਚ ਅੱਗੇ ਕਿਹਾ ਕਿ ਉਸ ਦਾ ਪੂਰਾ ਪਰਿਵਾਰ, ਜਿਸ ਵਿੱਚ ਉਸ ਦੀ ਮਾਂ ਅਤੇ ਭੈਣ ਸ਼ਾਮਲ ਹਨ, ਉਸ ਨੂੰ ਮਾਰਨ ਜਾਂ ਝੂਠੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਕਾਬਿਲੇਗੌਰ ਹੈ ਪੰਚਕੂਲਾ ਪੁਲੀਸ ਨੇ ਸ਼ੁਰੂਆਤੀ ਤਫ਼ਤੀਸ਼ ਮਗਰੋਂ ਕੇਸ ਦਰਜ ਕੀਤਾ ਸੀ, ਪਰ ਫਿਰ ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।

You must be logged in to post a comment Login