ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ

ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ
ਚੰਡੀਗੜ੍ਹ, 3 ਸਤੰਬਰ:ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਤੜਕੇ ਤੋਂ ਲਗਾਤਾਰ ਪੈ ਰਹੀ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ ਜਿਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹ ਦਿੱਤੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲੀਸ ਨੇ ਸੁਖਨਾ ਚੋਅ ਦੇ ਵੱਖ ਵੱਖ ਪੁੱਲਾਂ ਉੱਤੇ ਚੌਕਸੀ ਵਧਾ ਦਿੱਤੀ ਹੈ।ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਅੱਜ ਸਵੇਰੇ 1162.70 ਫੁੱਟ ਸੀ, ਪਰ ਪਹਾੜੀ ਇਲਾਕੇ ਵਿੱਚ ਪਾਣੀ ਦੀ ਆਮਦ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਸਵੇਰੇ 7.30 ਵਜੇ ਦੇ ਕਰੀਬ ਇੱਕ ਫਲੱਡ ਗੇਟ ਖੋਲ੍ਹ ਦਿੱਤਾ ਅਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਦੂਜਾ ਫਲੱਡ ਗੇਟ ਖੋਲ੍ਹ ਦਿੱਤਾ। ਇਹ ਦੋਵੇਂ ਫਲੱਡ ਗੇਟ ਤਿੰਨ ਤਿੰਨ ਇੰਚ ਖੋਲ੍ਹੇ ਗਏ ਹਨ। ਹਾਲਾਂਕਿ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣ ਕਰਕੇ ਘੱਗਰ ਨਦੀ ਦੇ ਆਲੇ ਦੁਆਲੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ ਕਿਉਂਕਿ  ਘੱਗਰ ਨਦੀ ਵਿੱਚ ਪਹਿਲਾਂ ਹੀ ਪਾਣੀ ਵਧਿਆ ਹੋਇਆ ਹੈ ਅਤੇ ਸੁਖਨਾ ਝੀਲ ਦਾ ਪਾਣੀ ਘੱਗਰ ਨਦੀ ਵਿੱਚ ਜਾ ਕੇ ਡਿੱਗਦਾ ਹੈ।ਦੱਸਣਯੋਗ ਹੈ ਕਿ ਅੱਜ ਸੁਖਨਾ ਝੀਲ ਦੇ ਸੀਜ਼ਨ ਵਿੱਚ ਨੌਵੀਂ ਵਾਰ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਫਲੱਡ ਗੇਟ ਖੋਲ੍ਹਿਆ ਗਿਆ ਸੀ ਜੋ ਕਿ 21 ਘੰਟਿਆਂ ਬਾਅਦ ਮੰਗਲਵਾਰ ਤੜਕੇ 4 ਵਜੇ ਦੇ ਕਰੀਬ ਬੰਦ ਕੀਤਾ ਗਿਆ।

You must be logged in to post a comment Login