ਸੁਪਰੀਮ ਕੋਰਟ ਨੇ ਕਾਲੇ ਧਨ ‘ਤੇ ਐੱਸ. ਆਈ. ਟੀ. ਤੋਂ 12 ਤਕ ਮੰਗੀ ਰਿਪੋਰਟ

ਨਵੀਂ ਦਿੱਲੀ, 22 ਅਪ੍ਰੈਲ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੂੰ 12 ਮਈ ਤਕ ਕਾਲਾ ਧਨ ਮਾਮਲੇ ‘ਚ ਜਾਂਚ ਦੀ ਤਰੱਕੀ ਦੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਹਾਲਾਂਕਿ ਪਟੀਸ਼ਨਕਰਤਾ ਰਾਮ ਜੇਠਮਲਾਨੀ ਨੇ ਦੋਸ਼ ਲਾਇਆ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਰਿਪੋਰਟ ਨੂੰ ਦਬਾਉਣ ‘ਚ ਲੱਗੀ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਕਾਲੇ ਧਨ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ, ਜਿਸ ਨੂੰ ਸਰਕਾਰ ਨੇ ਬੀਤੇ ਸਾਲ ਨੋਟੀਫਾਈਡ ਕੀਤਾ ਸੀ। ਇਸ ‘ਚ 11 ਕੇਂਦਰੀ ਜਾਂਚ ਅਤੇ ਇਨਫੋਰਸਮੈਂਟ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੂੰ ਜਗ੍ਹਾ ਦਿੱਤੀ ਗਈ ਸੀ। ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਮ. ਬੀ. ਸ਼ਾਹ ਅਤੇ ਰਿਟਾਇਰਡ ਜੱਜ ਅਰੀਜਿਤ ਪਸਾਇਤ ਦੀ ਅਗਵਾਈ ਵਾਲਾ ਪੈਨਲ ਕਾਲੇ ਧਨ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਕਾਲੇ ਧਨ ‘ਤੇ ਬਣੀ ਐੱਸ. ਆਈ. ਟੀ. ਅਤੇ ਟੈਕਸ ਚੋਰਾਂ ਵਲੋਂ ਵਿਦੇਸ਼ ‘ਚ ਜਮ੍ਹਾ ਕੀਤੇ ਗਏ ਨਜਾਇਜ਼ ਧਨ ਨਾਲ ਜੁੜੇ ਮਾਮਲਿਆਂ ‘ਚ ਵੱਖ-ਵੱਖ ਜਾਂਚ ਏਜੰਸੀਆਂ ਵਲੋਂ ਕੀਤੀ ਗਈ ਕਾਰਵਾਈ ਦੇ ਸਬੰਧ ‘ਚ ਸੁਪਰੀਮ ਕੋਰਟ ‘ਚ ਨਵੀਂ ਸਥਿਤੀ ਰਿਪੋਰਟ ਦਾਇਰ ਕਰੇਗਾ।

You must be logged in to post a comment Login