ਸੁਪਰੀਮ ਕੋਰਟ: ਪੁਲੀਸ ਥਾਣਿਆਂ ’ਚ ਨਾਕਾਰਾ ਸੀਸੀਟੀਵੀ ਕੈਮਰਿਆਂ ਸਬੰਧੀ ਸੁਣਵਾਈ 15 ਨੂੰ

ਸੁਪਰੀਮ ਕੋਰਟ: ਪੁਲੀਸ ਥਾਣਿਆਂ ’ਚ ਨਾਕਾਰਾ ਸੀਸੀਟੀਵੀ ਕੈਮਰਿਆਂ ਸਬੰਧੀ ਸੁਣਵਾਈ 15 ਨੂੰ

ਨਵੀਂ ਦਿੱਲੀ, 14 ਸਤੰਬਰ : ਦੇਸ਼ ਦੀ ਸਰਵਉਚ ਅਦਾਲਤ ਨੇ ਪੁਲੀਸ ਥਾਣਿਆਂ ਵਿੱਚ ਨਾਕਾਰਾ ਪਏ ਸੀਸੀਟੀਵੀ ਕੈਮਰਿਆਂ ਬਾਰੇ ਖ਼ੁਦ ਹੀ ਨੋਟਿਸ ਲਿਆ ਹੈ। ਇਸ ਸਬੰਧੀ ਮੀਡੀਆ ਰਿਪੋਰਟ ’ਤੇ ਕਾਰਵਾਈ ਕਰਦਿਆਂ ਸੁਪਰੀਮ ਕੋਰਟ ਇਕ ਜਨਹਿੱਤ ਪਟੀਸ਼ਨ ’ਤੇ 15 ਸਤੰਬਰ ਨੂੰ ਸੁਣਵਾਈ ਕਰੇਗੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦਾ ਬੈਂਚ ਕਰੇਗਾ। ਮੀਡੀਆ ਰਿਪੋਰਟ ਅਨੁਸਾਰ ਪਿਛਲੇ ਸੱਤ-ਅੱਠ ਮਹੀਨਿਆਂ ਵਿੱਚ ਪੁਲੀਸ ਹਿਰਾਸਤ ਵਿੱਚ ਲਗਪਗ 11 ਮੌਤਾਂ ਹੋਈਆਂ ਹਨ। ਸੁਪਰੀਮ ਕੋਰਟ ਨੇ ਦਸੰਬਰ 2020 ਵਿੱਚ ਕੇਂਦਰ ਸਰਕਾਰ ਨੂੰ ਸੀਬੀਆਈ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਕੌਮੀ ਜਾਂਚ ਏਜੰਸੀ ਸਣੇ ਜਾਂਚ ਏਜੰਸੀਆਂ ਦੇ ਦਫ਼ਤਰਾਂ ਵਿੱਚ ਸੀਸੀਟੀਵੀ ਕੈਮਰੇ ਅਤੇ ਰਿਕਾਰਡਿੰਗ ਉਪਕਰਨ ਲਗਾਉਣ ਦਾ ਨਿਰਦੇਸ਼ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰੇਕ ਪੁਲੀਸ ਥਾਣੇ ਵਿੱਚ ਵੀ ਸੀਸੀਟੀਵੀ ਕੈਮਰੇ ਲਗਾਏ ਜਾਣ।

You must be logged in to post a comment Login