ਸੂਬਿਆਂ ਦੀਆਂ ਉੱਪ-ਚੋਣਾਂ ਦੇ ਨਤੀਜਿਆਂ ਤੋਂ ਜਾਗ ਜਾਵੇ ਸਰਕਾਰ

ਸੂਬਿਆਂ ਦੀਆਂ ਉੱਪ-ਚੋਣਾਂ ਦੇ ਨਤੀਜਿਆਂ ਤੋਂ ਜਾਗ ਜਾਵੇ ਸਰਕਾਰ

ਜਲੰਧਰ– ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ ’ਤੇ ਦੇਸ਼ ਦੇ ਲੋਕਾਂ ਨੂੰ ਜਦੋਂ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਲੋਕਾਂ ਨੂੰ ਲੱਗਾ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਦੇਸ਼ਵਾਸੀਆਂ ਨੂੰ ਇਸ ਪਵਿੱਤਰ ਪੁਰਬ ਦੀ ਸਿਰਫ਼ ਵਧਾਈ ਹੀ ਦੇਣਗੇ ਅਤੇ ਕੁਝ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ ਪਰ ਮੋਦੀ ਨੇ ਸਿਰਫ਼ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। ਇਹ ਸਭ ਕੁਝ ਅਚਾਨਕ ਹੀ ਨਹੀਂ ਹੋਇਆ। ਇਸ ਦੇ ਲਈ ਪਿਛਲੇ ਲਗਭਗ ਇਕ ਸਾਲ ਤੋਂ ਕੰਮ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਦੇ ਇਸ ਐਲਾਨ ਤੋਂ ਇਹ ਸਵਾਲ ਉੱਠ ਰਹੇ ਹਨ ਕਿ ਆਖਿਰ ਕੇਂਦਰ ਨੂੰ ਇੰਨੇ ਵੱਡੇ ਮਸਲੇ ਨੂੰ ਲੈ ਕੇ ਬੈਕਫੁੱਟ ’ਤੇ ਕਿਉਂ ਆਉਣਾ ਪਿਆ? ਚਰਚਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸੂਬਿਆਂ ਵਿਚ ਉੱਪ-ਚੋਣਾਂ ਹੋਈਆਂ ਸਨ। ਉਨ੍ਹਾਂ ਦੇ ਨਤੀਜਿਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ। ਹਰਿਆਣਾ ’ਚ ਜਿੱਥੇ ਭਾਜਪਾ ਦੀ ਆਪਣੀ ਸਰਕਾਰ ਹੈ, ਦੀ ਐਲਨਾਬਾਦ ਸੀਟ ਤੋਂ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਹੀ ਹਾਲਤ ਦੇਵ ਭੂਮੀ ਹਿਮਾਚਲ ਪ੍ਰਦੇਸ਼ ’ਚ ਵੀ ਵੇਖਣ ਨੂੰ ਮਿਲੀ। ਉੱਥੇ ਪਾਰਟੀ 4 ਸੀਟਾਂ ’ਤੇ ਹਾਰ ਗਈ। ਹਿਮਾਚਲ ’ਚ ਲੋਕ ਸਭਾ ਦੀ ਮੰਡੀ ਹਲਕੇ ਦੀ ਸੀਟ ’ਤੇ ਉਪ-ਚੋਣ ਹੋਈ ਸੀ। ਨਾਲ ਹੀ 3 ਵਿਧਾਨ ਸਭਾ ਹਲਕਿਆਂ ’ਚ ਵੀ ਉਪ-ਚੋਣਾਂ ਹੋਈਆਂ ਸਨ। ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ’ਤੇ ਰਿਸ਼ਵਤ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਵੀ ਦੋਸ਼ ਨਹੀਂ ਹੈ। ਇਸ ਦੇ ਬਾਵਜੂਦ ਭਾਜਪਾ ਉੱਥੇ ਜਿੱਤ ਹਾਸਲ ਨਹੀਂ ਕਰ ਸਕੀ। ਇਕ ਸੀਟ ’ਤੇ ਤਾਂ ਭਾਜਪਾ ਦੇ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਹੋ ਗਈ। ਕੇਂਦਰੀ ਮੰਤਰੀ ਖੁਦ ਜਾ ਕੇ ਉੱਥੇ ਪ੍ਰਚਾਰ ਕਰਦੇ ਰਹੇ। ਇਸ ਕਾਰਨ ਇਹ ਹਾਰ ਭਾਜਪਾ ਲਈ ਇਕ ਵੱਡੇ ਖਤਰੇ ਦੀ ਘੰਟੀ ਸੀ। ਇਸ ਹਾਰ ਨੂੰ ਵੇਖਦਿਆਂ ਸ਼ਾਇਦ ਕੇਂਦਰ ਨੂੰ ਲੱਗਾ ਕਿ ਬਿਨਾਂ ਕਾਰਨ ਮਾਮਲੇ ਨੂੰ ਹੋਰ ਉਲਝਾਉਣ ਤੋਂ ਚੰਗਾ ਹੈ ਕਿ ਇਸ ਨੂੰ ਖਤਮ ਕਰ ਦਿੱਤਾ ਜਾਵੇ।

You must be logged in to post a comment Login