‘ਸੇਵਾ ਦਾ ਸਿੱਖ ਸੰਕਲਪ’ ਵਿਸ਼ੇ ‘ਤੇ ਤਿੰਨ-ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਭਲਕ ਤੋਂ

ਚੰਡੀਗੜ੍ਹ, 10 ਫ਼ਰਵਰੀ- ਵਿਰਾਸਤ ਪੰਜਾਬ ਮੰਚ ਅਤੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿੰਨ-ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ ਭਲਕੇ 11 ਫ਼ਰਵਰੀ ਤੋਂ 13 ਫਰਵਰੀ ਤੱਕ ਇਥੇ ਪੰਜਾਬ ਯੂਨੀਵਰਸਿਟੀ ਕੈਂਪਸ (Panjab University) ਵਿਚ ਸ਼ੁਰੂ ਹੋ ਰਹੀ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਜੀ ਦੇ 450ਵੇਂ ਗੁਰਿਆਈ ਦਿਵਸ ਨੂੰ ਸਮਰਪਿਤ ‘ਸੇਵਾ ਦਾ ਸਿੱਖ ਸੰਕਲਪ’ ਵਿਸ਼ੇ ਸਬੰਧੀ ਇਸ ਕਾਨਫਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ ਸਵੇਰੇ 9.30 ਵਜੇ ਕੀਤਾ ਜਾ ਰਿਹਾ ਹੈ। ਉਦਘਾਟਨੀ ਸਮਾਗਮ ਵਿੱਚ ਪਦਮਸ੍ਰੀ ਬਾਬਾ ਸੇਵਾ ਸਿੰਘ, ਨਿਸ਼ਾਨ-ਏ-ਸਿੱਖੀ ਸ੍ਰੀ ਖਡੂਰ ਸਾਹਿਬ ਉਚੇਚੇ ਪੁੱਜਣਗੇ। ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਉਦਘਾਟਨੀ ਸ਼ਬਦ ਕਹਿਣਗੇ ਜਦੋਂ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਜੇਐੱਸ ਖੇਹਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਵਿਸ਼ੇਸ਼ ਮਹਿਮਾਨ ਮੇਜਰ ਜਨਰਲ ਪੀਬੀ ਐੱਸ ਲਾਂਬਾ ਅਤੇ ਉੱਘੇ ਸਿੱਖ ਵਿਦਵਾਨ ਰਣਜੋਧ ਸਿੰਘ ਹੋਣਗੇ ਜਦਕਿ ਕੁੰਜੀਵਤ ਭਾਸ਼ਣ ਸਾਬਕਾ ਆਈਏਐੱਸ ਅਧਿਕਾਰੀ ਗੁਰਤੇਜ ਸਿੰਘ ਦੇਣਗੇ। ਪ੍ਰਧਾਨਗੀ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ ਕਰਨਗੇ।

ਸਮਾਗਮ ਦੌਰਾਨ ਗੁਰਦੇਵ ਸਿੰਘ ਅਤੇ ਹਰਦਿਆਲ ਸਿੰਘ ਦੋਵੇਂ ਸਾਬਕਾ ਆਈਏਐੱਸ ਅਧਿਕਾਰੀ, ਪ੍ਰੋ. ਬਲਕਾਰ ਸਿੰਘ, ਭੁਪਿੰਦਰ ਸਿੰਘ ਬਾਜਵਾ ਕੈਨੇਡਾ ਵਾਲੇ, ਮੋਤਾ ਸਿੰਘ ਯੂਕੇ ਨੂੰ ਸਨਮਾਨਿਤ ਕੀਤਾ ਜਾਵੇਗਾ। ਡਾ. ਹਰਜੋਧ ਸਿੰਘ ਦੀ ਪੁਸਤਕ ‘ਸ਼ਹਾਦਤ ਦਾ ਸਿੱਖ ਸੰਕਲਪ’ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ 10 ਅਕਾਦਮਿਕ ਸੈਸ਼ਨ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਦਵਾਨ ਆਪਣੇ ਵਿਚਾਰ ਪੇਸ਼ ਕਰਨਗੇ।

ਮੰਚ ਦੇ ਚੇਅਰਮੈਨ ਡਾ. ਹਰਜੋਧ ਸਿੰਘ ਅਤੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਅਕਾਦਮਿਕ ਮੁਖੀ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਾਨਫ਼ਰੰਸ ਦੇ ਦੂਜੇ ਦਿਨ 12 ਫ਼ਰਵਰੀ ਨੂੰ ਸਨਮਾਨ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਉਦਘਾਟਨੀ ਸ਼ਬਦ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਕਹਿਣਗੇ। ਤਰੁਨਪ੍ਰੀਤ ਸਿੰਘ ਸੌਂਧ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ’ਤੇ ਪੁੱਜਣਗੇ। ਵਿਸ਼ੇਸ਼ ਭਾਸ਼ਣ ਪਰਮਜੀਤ ਸਿੰਘ ਭੰਗੂ ਦੇਣਗੇ।

You must be logged in to post a comment Login