ਕੇਪ ਕੈਨੇਵਰਲ, 11 ਮਈ : ਸ਼ੁੱਕਰ ਗ੍ਰਹਿ (Venus) ਲਈ ਅਸਫਲ ਲਾਂਚਿੰਗ ਤੋਂ ਅੱਧੀ ਸਦੀ ਤੋਂ ਵੱਧ ਸਮੇਂ ਬਾਅਦ ਸ਼ਨਿੱਚਰਵਾਰ ਨੂੰ ਸੋਵੀਅਤ ਦੌਰ ਦਾ ਇੱਕ ਪੁਲਾੜ ਵਾਹਨ ਆਖ਼ਰ ਧਰਤੀ ‘ਤੇ ਡਿੱਗ ਗਿਆ। ਰੂਸੀ ਪੁਲਾੜ ਏਜੰਸੀ (Russian Space Agency) ਅਤੇ ਯੂਰਪੀਅਨ ਯੂਨੀਅਨ ਸਪੇਸ ਨਿਗਰਾਨੀ ਅਤੇ ਟਰੈਕਿੰਗ (European Union Space Surveillance and Tracking) ਦੋਵਾਂ ਨੇ ਇਸ ਦੇ ਬੇਕਾਬੂ ਢੰਗ ਨਾਲ ਧਰਤੀ ਦੇ ਹਵਾ ਮੰਡਲ ਵਿਚ ਦਾਖ਼ਲੇ ਦੀ ਪੁਸ਼ਟੀ ਕੀਤੀ ਹੈ। ਰੂਸੀਆਂ ਨੇ ਸੰਕੇਤ ਦਿੱਤਾ ਸੀ ਕਿ ਇਹ ਹਿੰਦ ਮਹਾਂਸਾਗਰ ਵਿਚ ਡਿੱਗਿਆ ਹੈ, ਪਰ ਕੁਝ ਮਾਹਰ ਸਹੀ ਸਥਾਨ ਬਾਰੇ ਇੰਨੇ ਪੱਕੇ ਤੌਰ ’ਤੇ ਕੁਝ ਕਹਿਣ ਲਈ ਤਿਆਰ ਨਹੀਂ ਸਨ। ਯੂਰਪੀਅਨ ਪੁਲਾੜ ਏਜੰਸੀ ਦੇ ਪੁਲਾੜ ਮਲਬੇ ਬਾਰੇ ਦਫਤਰ ਨੇ ਵੀ ਪੁਲਾੜ ਵਾਹਨ ਦੀ ਤਬਾਹੀ ਦਾ ਪਤਾ ਲਗਾਇਆ ਜਦੋਂ ਇਹ ਇੱਕ ਜਰਮਨ ਰਾਡਾਰ ਸਟੇਸ਼ਨ ‘ਤੇ ਦਿਖਾਈ ਦੇਣੋਂ ਹਟ ਗਿਆ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਅੱਧੇ ਟਨ ਵਜ਼ਨੀ ਇਸ ਪੁਲਾੜ ਵਾਹਨ ਵਿੱਚੋਂ ਕਿੰਨਾ ਹਿੱਸਾ ਧਰਤੀ ਦੇ ਹਵਾ ਮੰਡਲ ਵਿਚ ਦਾਖ਼ਲ ਹੋਣ ਪਿੱਛੋਂ ਅੱਗ ਲੱਗਣ ਤੋਂ ਬਚਿਆ ਅਤੇ ਇਸ ਦਾ ਕਿੰਨਾ ਹਿੱਸਾ ਰਾਹ ਵਿਚ ਹੀ ਸੜ ਗਿਆ। ਇਸ ਨੂੰ 1972 ਵਿੱਚ ਸੋਵੀਅਤ ਯੂਨੀਅਨ ਵੱਲੋਂ ਲਾਂਚ ਕੀਤਾ ਗਿਆ ਸੀ। ਕੋਸਮੋਸ 482 (Kosmos 482) ਵਜੋਂ ਜਾਣਿਆ ਜਾਂਦਾ ਇਹ ਪੁਲਾੜ ਵਾਹਨ ਸ਼ੁੱਕਰ ਗ੍ਰਹਿ ਲਈ ਜਾਣ ਵਾਲੇ ਮਿਸ਼ਨਾਂ ਦੀ ਇੱਕ ਲੜੀ ਦਾ ਹਿੱਸਾ ਸੀ। ਪਰ ਇਹ ਕਦੇ ਵੀ ਧਰਤੀ ਦੇ ਆਲੇ ਦੁਆਲੇ ਦੇ ਪੰਧ (orbit) ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਇਹ ਰਾਕੇਟ ਦੀ ਇਕ ਖਰਾਬੀ ਕਾਰਨ ਉੱਥੇ ਹੀ ਫਸ ਗਿਆ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login