ਸ੍ਰੀਲੰਕਾ ਦਾ ਮੈਥਿਊਜ਼ ਬਣਿਆ ਦੁਨੀਆ ਦਾ ਪਹਿਲਾ ਟਾਈਮ ਆਊਟ ਬੱਲੇਬਾਜ਼

ਸ੍ਰੀਲੰਕਾ ਦਾ ਮੈਥਿਊਜ਼ ਬਣਿਆ ਦੁਨੀਆ ਦਾ ਪਹਿਲਾ ਟਾਈਮ ਆਊਟ ਬੱਲੇਬਾਜ਼

ਨਵੀਂ ਦਿੱਲੀ, 6 ਨਵੰਬਰ- ਸ੍ਰੀਲੰਕਾ ਦੇ ਬੱਲੇਬਾਜ਼ ਐਂਜੇਲੋ ਮੈਥਿਊਜ਼ ਨੂੰ ਅੱਜ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਖ਼ਿਲਾਫ਼ ‘ਟਾਈਮ ਆਊਟ’ ਦਿੱਤਾ ਗਿਆ ਅਤੇ ਉਹ ਕੌਮਾਂਤਰੀ ਕ੍ਰਿਕਟ ਵਿੱਚ ਇਸ ਤਰ੍ਹਾਂ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਸਦਿਰਾ ਸਮਰਵਿਕਰਮ ਦੇ ਆਊਟ ਹੋਣ ਤੋਂ ਬਾਅਦ ਜਿਵੇਂ ਹੀ ਮੈਥਿਊਜ਼ ਕ੍ਰੀਜ਼ ‘ਤੇ ਪਹੁੰਚੇ ਅਤੇ ਹੈਲਮੇਟ ਪਾਉਣ ਲੱਗੇ ਤਾਂ ਉਸ ਦਾ ਸਟ੍ਰੈਪ ਟੁੱਟ ਗਿਆ। ਉਸ ਨੇ ਡਰੈਸਿੰਗ ਰੂਮ ਤੋਂ ਹੋਰ ਹੈਲਮੇਟ ਲਿਆਉਣ ਦਾ ਇਸ਼ਾਰਾ ਕੀਤਾ ਪਰ ਇਸ ਵਿੱਚ ਕਾਫੀ ਸਮਾਂ ਲੱਗ ਗਿਆ। ਇਸ ਦੌਰਾਨ ਬੰਗਲਾਦੇਸ਼ ਦੇ ਕਪਤਾਨ ਸ਼ਾਕਬਿ ਅਲ ਹਸਨ ਨੇ ਮੈਥਿਊਜ਼ ਦੇ ਖਿਲਾਫ ਟਾਈਮ ਆਊਟ ਦੀ ਅਪੀਲ ਕੀਤੀ ਅਤੇ ਅੰਪਾਇਰ ਮਰੇਸ ਇਰੇਸਮਸ ਨੇ ਉਸ ਨੂੰ ਆਊਟ ਕਰਾਰ ਦੇ ਦਿੱਤਾ। ਮੈਥਿਊਜ਼ ਨੇ ਅੰਪਾਇਰ ਅਤੇ ਸ਼ਾਕਬਿ ਨਾਲ ਗੱਲ ਕੀਤੀ ਅਤੇ ਆਪਣੇ ਹੈਲਮੇਟ ਦੀ ਟੁੱਟੀ ਬੱਧਰੀ ਵੀ ਦਿਖਾਈ ਪਰ ਬੰਗਲਾਦੇਸ਼ ਦੇ ਕਪਤਾਨ ਨੇ ਅਪੀਲ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਲੰਕਾਈ ਬੱਲੇਬਾਜ਼ ਨੂੰ ਵਾਪਸ ਪਰਤਣਾ ਪਿਆ। ਇਸ ਤੋਂ ਮੈਥਿਊਜ਼ ਕਾਫੀ ਗੁੱਸੇ ‘ਚ ਨਜ਼ਰ ਆਏ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਹੈਲਮੇਟ ਦੀ ਟੁੱਟੀ ਹੋਈ ਬੱਧਰੀ ਬਾਊਂਡਰੀ ‘ਤੇ ਦਿਖਾਈ ਅਤੇ ਫਿਰ ਗੁੱਸੇ ‘ਚ ਉਸ ਨੂੰ ਜ਼ਮੀਨ ‘ਤੇ ਜ਼ੋਰ ਨਾਲ ਮਾਰਿਆ। ਮੈਰੀਲੇਬੋਨ ਕ੍ਰਿਕਟ ਕਲੱਬ (ਐੱਮਸੀਸੀ) ਦੇ ਨਿਯਮ 40.1.1 ਅਨੁਸਾਰ ਜੇ ਕੋਈ ਬੱਲੇਬਾਜ਼ ਆਊਟ ਹੋ ਜਾਂਦਾ ਹੈ ਜਾਂ ਜ਼ਖ਼ਮੀ ਹੋ ਜਾਂਦਾ ਹੈ ਤੇ ਅਗਲਾ ਬੱਲੇਬਾਜ਼ ਨਿਯਮਤ 2 ਮਿੰਟ ਅੰਦਰ ਅਗਲੀ ਗੇਂਦ ਦਾ ਸਾਹਮਣਾ ਨਹੀਂ ਕਰਦਾ ਹੈ ਤਾਂ ਉਸ ਨੂੰ ਟਾਈਮ ਆਊਟ ਦਿੱਤਾ ਜਾ ਸਕਦਾ ਹੈ।

You must be logged in to post a comment Login