ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੀਸ ਯਾਤਰਾ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੀਸ ਯਾਤਰਾ

(346ਵਾਂ ਸ਼ਹੀਦੀ ਦਿਨ ਦਸੰਬਰ 8, 2021)

ਔਰੰਗਜ਼ੇਬ ਦੇ ਹੁਕਮ ਅਧੀਨ 11 ਨਵੰਬਰ, 1675 ਨੂੰ ਚਾਂਦਨੀ ਚੌਂਕ, ਦਿੱਲੀ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਵਿਤਰ ਸਰੀਰ ਨਾਲੋਂ ਬੜੀ ਬੇਰਹਿਮੀ ਨਾਲ ਪਵਿੱਤਰ ਸੀਸ ਅਲਹਿਦਾ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਅਸਥਾਨ ’ਤੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਤ ਹੈ। ਹਾਕਮਾਂ ਨੇ ਇਹ ਵੀ ਹੁਕਮ ਦੇ ਦਿੱਤਾ ਕਿ ਜੋ ਵਿਅਕਤੀ ਮਿਰਤਕ ਸਰੀਰ ਦੇ ਨੇੜੇ ਜਾਵੇਗਾ ਉਸ ਨੂੰ ਤੇ ਉਸ ਦੇ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਨਾਲ ਸਾਰਾ ਸਿੱਖ ਜਗਤ ਤਰਲੋ—ਮੱਛੀ ਹੋ ਉਠਿਆ। ਗੁਰੂ ਸਾਹਿਬ ਦੀ ਸ਼ਹੀਦੀ ਦੇ ਅਸਹਿ ਦੁੱਖ ਦੇ ਨਾਲ—ਨਾਲ ਸਿੱਖਾਂ ਨੂੰ ਇਹ ਵੀ ਵੱਡਾ ਦੁੱਖ ਸੀ ਕਿ ਜੋ ਵਿਅਕਤੀ ਪਵਿੱਤਰ ਮਿਰਤਕ ਸਰੀਰ ਨੂੰ ਹੱਥ ਲਾਵੇਗਾ ਉਸ ਦਾ ਘਾਣ—ਬੱਚਾ ਪੀੜ ਦਿੱਤਾ ਜਾਵੇਗਾ। ਜਿਨ੍ਹਾਂ ਸਿੱਖਾਂ ਨੇ ਨੌਵੇਂ ਪਾਤਿਸ਼ਾਹ ਦੀ ਸ਼ਹੀਦੀ ਨੂੰ ਅੱਖੀਂ ਵੇਖਿਆ ਉਨ੍ਹਾਂ ਵਿਚ ਭਾਈ ਊਦਾ ਜੀ ਸ਼ਾਮਲ ਸਨ। ਦਰਦਨਾਕ ਸ਼ਹੀਦੀ ਸਾਕੇ ਦਾ ਅਸਹਿ ਕਸ਼ਟ ਸਹਾਰਨ ਤੋਂ ਬਾਅਦ ਉਹ ਦੁਖੀ ਹਿਰਦੇ ਨਾਲ ਦਿਲਵਾਲੀ ਮੁਹੱਲੇ ਵਿਚ ਜੋ ਕਿ ਅਜਮੇਰੀ ਗੇਟ ਤੋਂ ਅੰਦਰ ਹੌਜ਼ਕਾਜ਼ੀ ਦੇ ਲਾਗੇ ਹੈ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅੱਧ ਮੀਲ ਦੀ ਦੂਰੀ ’ਤੇ ਸਥਿਤ ਹੈ ਭਾਈ ਨਾਨੂ ਜੀ ਦੇ ਘਰ ਪਹੁੰਚੇ। ਕਈ ਇਤਿਹਾਸਕਾਰਾਂ ਨੇ ਇਸ ਮੁਹੱਲੇ ਦਾ ਨਾਂ ਦਿਲਵਾਲੀ ਸਿੰਘ ਅਤੇ ਦਿਲਵਾਲੀ ਸਿੱਖਾਂ ਦੱਸਿਆ ਹੈ। ਇਸ ਮੁਹੱਲੇ ਵਿਚ ਭਾਈ ਨਾਨੂ ਜੀ ਦੇ ਘਰ ਸਿੱਖ ਇਕੱਤਰ ਹੋ ਕੇ ਆਪਣਾ ਦੁੱਖ ਸਾਂਝਾ ਕਰ ਰਹੇ ਸਨ ਤੇ ਗੁਰੂ ਸਾਹਿਬ ਦੇ ਪਵਿੱਤਰ ਸੀਸ ਅਤੇ ਪਵਿੱਤਰ ਧੜ ਦਾ ਸਸਕਾਰ ਕਰਨ ਦੀਆਂ ਵਿਉਤਾਂ ਬਣਾ ਰਹੇ ਸਨ। ਪੁਸਤਕ ਗੁਰੂ ਕੀਆਂ ਸਾਖੀਆਂ ਅਨੁਸਾਰ ਇਸ ਇਕੱਤਰਤਾ ਵਿਚ ਭਾਈ ਨਾਨੂ ਜੀ ਤੋਂ ਇਲਾਵਾ ਭਾਈ ਜੈਤਾ ਜੀ, ਭਾਈ ਊਦਾ ਜੀ, ਭਾਈ ਤੁਲਸੀ ਜੀ, ਭਾਈ ਆਗਿਆ ਜੀ ਅਤੇ ਭਾਈ ਗੁਰਬਖਸ਼ ਜੀ ਸ਼ਾਮਲ ਸਨ। ਭਾਈ ਨਾਨੂ ਜੀ ਨੇ ਸਲਾਹ ਦਿੱਤੀ ਕਿ ਰਾਇਸਿਨਾ ਪਿੰਡ ਦਾ ਲੱਖੀ ਸ਼ਾਹ ਵਣਜਾਰਾ ਨਾਂ ਦਾ ਇਕ ਵਪਾਰੀ ਜੋ ਕਿ ਗੁਰੂ ਘਰ ਦਾ ਸ਼ਰਧਾਲੂ ਹੈ, ਰੂੰ ਦੇ ਨਾਲ ਲੱਦੇ ਹੋਏ ਕਈ ਗੱਡਿਆਂ ਦੇ ਕਾਫਲੇ ਸਮੇਤ ਨਾਰਨੌਲ ਤੋਂ ਵਾਪਸ ਆ ਰਿਹਾ ਹੈ। ਉਹ ਜਮਨਾ ਦੇ ਦੂਜੇ ਪਾਸੇ ਠਹਿਰਿਆ ਹੋਇਆ ਹੈ। ਉਸ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਇਹ ਸਾਰੇ ਸਿੱਖ ਭਾਈ ਲੱਖੀ ਸ਼ਾਹ ਜੀ ਕੋਲ ਜਾ ਪੁੱਜੇ ਤੇ ਉਨ੍ਹਾਂ ਨੂੰ ਸਾਰੀ ਦੁਖਦਾਈ ਘਟਨਾ ਦੱਸੀ। ਲੱਖੀ ਸ਼ਾਹ ਜੀ ਨੇ ਗੁਰੂ ਸਾਹਿਬ ਦੇ ਪਵਿੱਤਰ ਸਰੀਰ ਦਾ ਸਸਕਾਰ ਕਰਨ ਦਾ ਜਿੰਮਾ ਆਪਣੇ ਉੱਪਰ ਲੈ ਲਿਆ। ਉਸ ਸਮੇਂ ਥੋੜ੍ਹਾ ਹਨੇਰਾ ਹੋ ਚੁੱਕਾ ਸੀ ਤੇ ਤੇਜ਼ ਝੱਖੜ ਝੁੱਲ ਰਿਹਾ ਸੀ। ਲੱਖੀ ਸ਼ਾਹ ਜੀ ਹਾਕਮਾਂ ਦੀ ਕ®ੋਪੀ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਅੱਠ ਪੁੱਤਰਾਂ ਵਿੱਚੋਂ ਤਿੰਨ ਪੁੱਤਰਾਂ — ਨਗਾਹੀਆ, ਹੇਮਾ ਤੇ ਹਾੜੀ ਅਤੇ ਕਾਨ੍ਹਾ ਜੀ ਦੇ ਪੁੱਤਰ ਭਾਈ ਧੂਮਾ ਜੀ ਸਮੇਤ ਚਾਂਦਨੀ ਚੌਂਕ ਤੋਂ ਗੁਰੂ ਸਾਹਿਬ ਦਾ ਪਵਿੱਤਰ ਸਰੀਰ ਚੁੱਕਣ ਲਈ ਚੱਲ ਪਏ। ਪਹਿਰੇਦਾਰ ਇਹ ਸੋਚ ਵੀ ਨਹੀਂ ਸਕਦੇ ਸਨ ਕਿ ਗੱਡਿਆਂ ਦਾ ਇਹ ਕਾਫਲਾ ਕਿਸ ਕੰਮ ਲਈ ਚਾਂਦਨੀ ਚੌਂਕ ਵਿੱਚੋਂ ਲੰਘ ਰਿਹਾ ਹੈ। ਜਦੋਂ ਉਹ ਚਾਂਦਨੀ ਚੌਂਕ ਪੁੱਜੇ ਤਾਂ ਉਨ੍ਹਾਂ ਨੇ ਵੇਖਿਆ ਕਿ ਗੁਰੂ ਸਾਹਿਬ ਦਾ ਪਵਿੱਤਰ ਸੀਸ ਉੱਥੇ ਮੌਜੂਦ ਨਹੀਂ ਸੀ। ਇਸ ਪਵਿੱਤਰ ਸੀਸ ਨੂੰ ਭਾਈ ਜੈਤਾ ਜੀ ਤੇ ਭਾਈ ਨਾਨੂ ਜੀ ਉੱਥੋਂ ਲਿਜਾ ਚੁੱਕੇ ਸਨ।
ਲੱਖੀ ਸ਼ਾਹ ਜੀ ਨੇ ਗੁਰੂ ਸਾਹਿਬ ਦੇ ਪਵਿੱਤਰ ਧੜ ਨੂੰ ਆਪਣੇ ਗੱਡੇ ਉੱਤੇ ਰੱਖ ਲਿਆ ਤੇ ਆਪਣੇ ਪਿੰਡ ਰਾਇਸਿਨਾ ਪਹੁੰਚ ਗਏ। ਉੱਥੇ ਉਨ੍ਹਾਂ ਨੇ ਆਪਣੇ ਖੂਹ ਵਿੱਚੋਂ ਪਾਣੀ ਕੱਢ ਕੇ ਪਵਿੱਤਰ ਧੜ ਦਾ ਇਸ਼ਨਾਨ ਕਰਵਾਇਆ ਅਤੇ ਆਪਣੇ ਸਾਰੇ ਘਰ ਨੂੰ ਅੱਗ ਲਗਾ ਕੇ ਗੁੱਝੇ ਤੌਰ ਤੇ ਗੁਰੂ ਸਾਹਿਬ ਦੇ ਪਵਿੱਤਰ ਧੜ ਦਾ ਸਸਕਾਰ ਕੀਤਾ। ਬਾਅਦ ਵਿਚ ਰੌਲਾ ਪਾ ਦਿੱਤਾ ਕਿ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ ਹੈ। ਇਹ ਸਾਰੀ ਘਟਨਾ ਨਵੰਬਰ 12, 1675 ਨੂੰ ਤੜਕਸਾਰ ਵਾਪਰੀ। ਸਸਕਾਰ ਉਪਰੰਤ ਲੱਖੀ ਸ਼ਾਹ ਜੀ ਨੇ ਅੱਧੀਆਂ ਅਸਥੀਆਂ ਨੂੰ ਉੱਥੇ ਹੀ ਦੱਬ ਦਿੱਤਾ ਤੇ ਬਾਕੀ ਅਸਥੀਆਂ ਲੈ ਕੇ ਆਪਣੇ ਤਿੰਨਾਂ ਪੁੱਤਰਾਂ ਤੇ ਦਿੱਲੀ ਦੀ ਸੰਗਤ ਸਮੇਤ ਆਨੰਦਪੁਰ ਸਾਹਿਬ ਵੱਲ ਚੱਲ ਪਏ। ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ 1707 ਈ: ਨੂੰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਦਿੱਲੀ ਦੀ ਸੰਗਤ ਦੀ ਸਹਾਇਤਾ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰੂ—ਪਿਤਾ ਦੇ ਸਸਕਾਰ ਵਾਲੀ ਥਾਂ ਲੱਭੀ ਤੇ ਉਸ ਅਸਥਾਨ ’ਤੇ ਇਕ ਛੋਟੀ ਜਿਹੀ ਯਾਦਗਾਰ ਬਣਵਾ ਦਿੱਤੀ। ਬਾਅਦ ਵਿਚ ਮੁਸਲਮਾਨਾਂ ਨੇ ਇਸੇ ਅਸਥਾਨ ਤੇ ਇਕ ਮਸਜਿਦ ਬਣਾ ਦਿੱਤੀ ਜੋ ਕਿ 1783 ਈ: ਵਿੱਚ ਸ. ਬਘੇਲ ਸਿੰਘ ਜੀ ਨੇ ਢਹਾ ਦਿੱਤੀ ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਉਸਾਰੀ ਕਰਵਾਈ ਤੇ ਇਕ ਸੋਨੇ ਦੀ ਮੋਹਰ ਉਪਰ ਸਭ ਕੁਝ ਲਿਖਵਾ ਕੇ ਇਕ ਗਾਗਰ ਵਿਚ ਪਾ ਕੇ ਉੱਥੇ ਦੱਬ ਦਿੱਤਾ। ਇਸੇ ਸਥਾਨ ’ਤੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਤ ਹੈ।
ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਭਾਈ ਜੈਤਾ ਜੀ ਤੇ ਭਾਈ ਨਾਨੂ ਜੀ ਨੇ ਭਾਈ ਲੱਖੀ ਸ਼ਾਹ ਜੀ ਦੇ ਚਾਂਦਨੀ ਚੌਂਕ ਪਹੁੰਚਣ ਤੋਂ ਪਹਿਲਾਂ ਹੀ ਪਵਿੱਤਰ ਸੀਸ ਉੱਥੋਂ ਚੱੁਕ ਲਿਆ ਸੀ। ਉਸ ਰਾਤ ਉਨ੍ਹਾਂ ਨੇ ਪਵਿੱਤਰ ਸੀਸ ਨੂੰ ਕੂਚਾ ਦਿਲਵਾਲੀ ਸਿੰਘ ਵਿਖੇ ਹੀ ਰੱਖਿਆ। ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਕੂਚਾ ਦਿਲਵਾਲੀ ਸਿੰਘ ਵਿਖੇ ਸਿੱਖਾਂ ਦੀ ਅਣਗਹਿਲੀ ਕਾਰਨ ਅਜੇ ਤਕ ਕਿਸੇ ਗੁਰਦੁਆਰੇ ਦੀ ਉਸਾਰੀ ਨਹੀਂ ਕੀਤੀ ਗਈ ਭਾਵੇਂ ਕਿ ਇਹ ਅਸਥਾਨ ਸਿੱਖ ਇਤਿਹਾਸ ਵਿਚ ਬਹੁਤ ਮਹਾਨਤਾ ਰੱਖਦਾ ਹੈ। ਜਦੋਂ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਆਏ ਸਨ ਤਾਂ ਉਹ ਵੀ ਕੂਚਾ ਦਿਲਵਾਲੀ ਸਿੰਘ ਵਿਖੇ ਰਹੇ ਸਨ। ਉੱਥੇ ਹੁਣ ਇਕ ਸ਼ਿਵ ਜੀ ਦਾ ਮੰਦਰ ਹੈ ਤੇ ਇਕ ਧਰਮਸ਼ਾਲਾ ਹੈ। ਇਸ ਮੁਹੱਲੇ ਵਿਚ ਹਿੰਦੂ ਅਰੋੜੇ ਵਸਦੇ ਹਨ।
ਭਾਈ ਜੈਤਾ ਜੀ ਨੇ ਇਹ ਯੋਜਨਾ ਬਣਾਈ ਕੇ ਉਹ ਜਰਨੈਲੀ ਸੜਕ ਦੇ ਨਾਲ ਲਗਦੇ ਪਿੰਡਾਂ ਵਿੱਚੋਂ ਦੀ ਲੰਘਦੇ ਹੋਏ ਕੀਰਤਪੁਰ ਸਾਹਿਬ ਜਾਣਗੇ ਤੇ ਉਨ੍ਹਾਂ ਦੀ ਰੱਖਿਆ ਲਈ ਭਾਈ ਊਦਾ ਜੀ ਤੇ ਭਾਈ ਨਾਨੂ ਜੀ ਉਨ੍ਹਾਂ ਦੇ ਅੱਗੇ ਪਿੱਛੇ ਇਵੇਂ ਚੱਲਦੇ ਰਹਿਣਗੇ ਜਿਵੇਂ ਉਹ ਤਿੰਨੋਂ ਇਕ ਦੂਜੇ ਨੂੰ ਜਾਣਦੇ ਪਛਾਣਦੇ ਵੀ ਨਾ ਹੋਣ। ਨਵੰਬਰ 12, 1675 ਤੜਕਸਾਰ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਪਵਿੱਤਰ ਸੀਸ ਰੁਮਾਲਿਆਂ ਵਿਚ ਲਪੇਟ ਲਿਆ ਤੇ ਵਾਹੋਦਾਹੀ ਸੋਨੀਪਤ, ਪਾਨੀਪਤ, ਕਰਨਾਲ, ਤਰਾਵੜੀ, ਅੰਬਾਲਾ, ਬਨੂੜ ਤੇ ਨਾਭਾ (ਅਜੋਕਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵੱਲ ਦੀ ਕੀਰਤਪੁਰ ਸਾਹਿਬ ਦਾ ਰਸਤਾ ਅਪਣਾ ਲਿਆ। ਇਹ ਪੈਂਡਾ ਤੈਅ ਕਰਨ ਲਈ ਆਪ ਨੇ ਪੰਜ ਪੜਾਅ ਕੀਤੇ ਤੇ ਇਸ ਨੂੰ ਪੰਜ ਦਿਨ ਲੱਗੇ।

ਭਾਈ ਜੈਤਾ ਜੀ ਨੇ ਪਹਿਲਾ ਪੜਾਅ ਤਰਾਵੜੀ ਵਿਖੇ ਕੀਤਾ। ਤਰਾਵੜੀ ਦੇ ਕਿਲ੍ਹੇ ਦੇ ਦੱਖਣ ਦੀ ਬਾਹੀ ਵੱਲ ਇਕ ਤਲਾਬ ਸੀ ਜਿਥੇ ਕੁਝ ਧੋਬੀਆਂ ਦੇ ਘਰ ਸਨ। ਇੱਥੇ ਭਾਈ ਦੇਵਾ ਰਾਮ ਜੀ ਨਾਂ ਦਾ ਇਕ ਧੋਬੀ ਰਹਿੰਦਾ ਸੀ ਜੋ ਗੁਰੂ ਘਰ ਦਾ ਸ਼ਰਧਾਲੂ ਸੀ। ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦੇ ਪਵਿੱਤਰ ਸੀਸ ਨੂੰ ਸਤਿਕਾਰ ਸਹਿਤ ਇਕ ਰਾਤ ਭਾਈ ਦੇਵਾ ਰਾਮ ਜੀ ਦੇ ਘਰ ਰੱਖਿਆ। ਇਸ ਅਸਥਾਨ ਦੀ ਨਿਸ਼ਾਨ ਦੇਹੀ 1710 ਈ: ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤੀ। ਹੁਣ ਇੱਥੇ ਗੁਰਦੁਆਰਾ ਸੀਸ ਗੰਜ ਸਾਹਿਬ ਪਾਤਿਸ਼ਾਹੀ ਨੌਵੀਂ ਸੁਸ਼ੋਭਤ ਹੈ।
ਭਾਈ ਜੈਤਾ ਜੀ ਨੇ ਤਰਾਵੜੀ ਤੋਂ ਚੱਲ ਕੇ ਦੂਜਾ ਪੜਾਅ ਅੰਬਾਲਾ ਸ਼ਹਿਰ ਵਿਖੇ ਕੀਤਾ। ਉਸ ਸਮੇਂ ਇੱਥੇ ਟਾਂਗਰੀ ਨਦੀ ਵਗਦੀ ਸੀ। ਸਿਦਕੀ ਸਿੱਖਾਂ ਨੇ ਨਦੀ ਨੂੰ ਪਾਰ ਕਰ ਕੇ ਇਕ ਜੰਡ ਦੇ ਦਰਖਤ ਹੇਠਾਂ ਪਵਿੱਤਰ ਸੀਸ ਰੱਖ ਕੇ ਥੋੜ੍ਹਾ ਜਿਹਾ ਅਰਾਮ ਕੀਤਾ। ਮੁਗਲਾਂ ਦੇ ਡਰ ਕਾਰਨ ਇਨ੍ਹਾਂ ਨੇ ਇਸ ਨਿਵੇਕਲੀ ਥਾਂ ’ਤੇ ਹੀ ਰਾਤ ਕੱਟਣੀ ਠੀਕ ਸਮਝੀ। ਇੱਥੇ ਇਕ ਮੇਹਰ ਧੂਮੀਆ ਨਾਂ ਦੇ ਗੱੁਜਰ ਤੋਂ ਇਨ੍ਹਾਂ ਨੂੰ ਪਤਾ ਲੱਗਾ ਕੇ ਨੇੜੇ ਹੀ ਕੁਝ ਹਿੰਦੂਆਂ ਦੇ ਘਰ ਹਨ ਜੋ ਕਿ ਗੁਰੂ ਘਰ ਦੇ ਸ਼ਰਧਾਲੂ ਹਨ। ਭਾਈ ਜੈਤਾ ਜੀ ਨੇ ਜੰਡ ਵਾਲੀ ਥਾਂ ਤੋਂ ਪਵਿੱਤਰ ਸੀਸ ਚੁੱਕ ਲਿਆ ਤੇ ਭਾਈ ਧੂਮੀਆ ਦੇ ਨਾਲ—ਨਾਲ ਭਾਈ ਰਾਮ ਦੇਵਾ ਜੀ ਦੇ ਘਰ ਵੱਲ ਹੋ ਤੁਰੇ। ਭਾਈ ਜੈਤਾ ਜੀ ਨੇ ਰਾਮ ਦੇਵਾ ਜੀ ਨੂੰ ਸਾਰੀ ਵਾਰਦਾਤ ਸੁਣਾਈ। ਭਾਈ ਰਾਮ ਦੇਵਾ ਜੀ ਦਾ ਸਤਿਕਾਰ ਨਾਲ ਸੀਸ ਝੁਕ ਗਿਆ ਤੇ ਉਨ੍ਹਾਂ ਨੇ ਸਾਰੀ ਰਾਤ ਜਾਗ ਕੇ ਕੱਟੀ ਤਾਂ ਕਿ ਭਾਈ ਜੈਤਾ ਜੀ ਤੇ ਉਨ੍ਹਾਂ ਦੇ ਸਾਥੀ ਥੋੜ੍ਹਾ ਜਿਹਾ ਅਰਾਮ ਕਰ ਲੈਣ। ਜਿਸ ਅਸਥਾਨ ਤੇ ਗੁਰੂ ਸਾਹਿਬ ਦਾ ਪਵਿੱਤਰ ਸੀਸ ਰੱਖਿਆ ਗਿਆ ਉਸ ਥਾਂ ਤੇ ਭਾਈ ਰਾਮ ਦੇਵਾ ਜੀ ਦੀਵਾ ਬੱਤੀ ਜਗਾਉਣ ਦੀ ਸੇਵਾ ਕਰਦੇ ਰਹੇ। 18ਵੀਂ ਸਦੀ ਵਿਚ ਸਰਦਾਰ ਬਘੇਲ ਸਿੰਘ ਜੀ ਦੇ ਇਕ ਸਾਥੀ ਸਰਦਾਰ ਮੇਹਰ ਸਿੰਘ ਫਿਰੋਜ਼ਪੁਰੀਏ ਨੇ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਤੇ ਇਸ ਅਸਥਾਨ ਤੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਮੁਹੱਲਾ ਕੈਂਥ ਮਾਜਰੀ ਸੁਸ਼ੋਭਤ ਹੈ।
1702 ਈ: ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਇਲਾਕੇ ਵਿਚ ਆਏ ਤਾਂ ਆਪ ਦਾ ਅਚਾਨਕ ਮੇਹਰ ਧੂਮੀਆ ਨਾਲ ਮੇਲ ਹੋ ਗਿਆ ਜਿਸ ਨੇ ਭਾਈ ਜੈਤਾ ਜੀ ਨੂੰ ਭਾਈ ਰਾਮ ਦੇਵਾ ਜੀ ਦੇ ਘਰ ਵੱਲ ਭੇਜਿਆ ਸੀ। ਧੂਮੀਆ ਹੁਣ ਕਾਫੀ ਬਜ਼ੁਰਗ ਹੋ ਚੁੱਕਿਆ ਸੀ। ਧੂਮੀਆ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਬਹੁਤ ਸਾਲ ਪਹਿਲਾਂ ਇਕ ਸਿੱਖ ਰਾਤ ਨੂੰ ਉੱਥੇ ਆਇਆ ਸੀ। ਉਸ ਨੇ ਇਕ ਟੋਕਰੀ ਜੰਡ ਦੇ ਦਰਖਤ ਹੇਠ ਰੱਖੀ ਸੀ ਤੇ ਉਸ ਤੋਂ ਸਿੱਖਾਂ ਦੇ ਘਰ ਪੁੱਛੇ ਸਨ। ਜਦੋਂ ਉਹ ਉਸ ਸਿੱਖ ਨੂੰ ਹਿੰਦੂਆਂ ਦੇ ਘਰ ਦੱਸ ਕੇ ਮੁੜਿਆ ਸੀ ਤਾਂ ਉਸ ਨੇ ਦੇਖਿਆ ਕਿ ਜਿੱਥੇ ਟੋਕਰੀ ਰੱਖੀ ਸੀ ਉੱਥੇ ਖੂਨ ਦੀਆਂ ਬੂੰਦਾਂ ਡਿੱਗੀਆਂ ਹੋਈਆਂ ਸਨ। ਉਹ ਬਹੁਤ ਡਰ ਗਿਆ ਸੀ ਪਰ ਉਸ ਨੇ ਸਿੱਖ ਦੇ ਪਿੱਛੇ ਜਾਣ ਦਾ ਹੀਆ ਨਹੀਂ ਸੀ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਝੱਟ ਸਮਝ ਆ ਗਈ ਕੇ ਇਹ ਥਾਂ ਉਨ੍ਹਾਂ ਦੇ ਗੁਰੂ—ਪਿਤਾ ਦਾ ਸੀਸ ਅਸਥਾਨ ਹੈ। ਸੋ ਉਨ੍ਹਾਂ ਨੇ ਉਸ ਥਾਂ ਦੀ ਨਿਸ਼ਾਨਦੇਹੀ ਕੀਤੀ ਤੇ ਉੱਥੇ ਚੌਦਾਂ ਦਿਨ ਠਹਿਰੇ। ਆਪ ਨੇ ਉੱਥੇ ਇਕ ਥੜ੍ਹਾ ਬਣਵਾ ਦਿੱਤਾ ਜਿਸ ’ਤੇ ਬੈਠ ਕੇ ਲੋਕ ਸਤਿਸੰਗ ਕਰਨ ਲੱਗ ਪਏ। ਇਸ ਅਸਥਾਨ ਤੇ ਹੁਣ ਗੁਰਦੁਆਰਾ ਸਤਿਸੰਗਤ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਸੁਸ਼ੋਭਤ ਹੈ।
ਅਗਲੇ ਦਿਨ ਅੰਬਾਲਾ ਤੋਂ ਚੱਲ ਕੇ ਤਿੰਨੇ ਸਿੱਖ ਬਨੂੜ ਵੱਲ ਤੁਰ ਪਏ ਤੇ ਉਨ੍ਹਾਂ ਨੇ ਅਗਲਾ ਪੜਾਅ ਪਿੰਡ ਨਾਭਾ ਵਿਖੇ ਕੀਤਾ ਜੋ ਕਿ ਹੁਣ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹੈ ਤੇ ਚੰਡੀਗੜ੍ਹ ਤੋਂ ਪੰਦਰਾਂ ਕਿਲੋਮੀਟਰ ਦੀ

ਦੂਰੀ ’ਤੇ ਹੈ। ਇਸ ਥਾਂ ਭਾਈ ਜੈਤਾ ਜੀ ਇਕ ਮੁਸਲਮਾਨ ਪੀਰ ਦਰਗਾਹੀ ਸ਼ਾਹ ਜੀ ਦੀ ਝੌਂਪੜੀ ਵਿਚ ਠਹਿਰੇ ਜਿਨ੍ਹਾਂ ਨੇ ਰਾਤ ਨੂੰ ਸਤਿਕਾਰ ਸਹਿਤ ਕੁਝ ਘੰਟੇ ਪਵਿੱਤਰ ਸੀਸ ਦਾ ਪਹਿਰਾ ਦਿੱਤਾ ਤਾਂ ਕਿ ਭਾਈ ਜੈਤਾ ਜੀ ਥੋੜ੍ਹਾ ਜਿਹਾ ਅਰਾਮ ਕਰ ਸਕਣ। ਇਸ ਥਾਂ ’ਤੇ ਹੁਣ ਗੁਰਦੁਆਰਾ ਸੀਸ ਅਸਥਾਨ ਪਾਤਿਸ਼ਾਹੀ ਨੌਵੀਂ ਸਥਿਤ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਪੰਜਾਬ ਦੇ ਜ਼ਾਲਮਾਂ ਨੂੰ ਸੋਧਣ ਦਾ ਇਰਾਦਾ ਕੀਤਾ ਤਾਂ ਉਹ ਇਸ ਅਸਥਾਨ ਤੋਂ ਹੀ ਅਰਦਾਸਾ ਕਰ ਕੇ ਤੁਰੇ ਸਨ।
ਭਾਈ ਜੈਤਾ ਜੀ ਨਿਰੰਤਰ ਪਾਠ ਕਰਦੇ ਹੋਏ ਗੁਰੂ ਸਾਹਿਬ ਦਾ ਪਵਿੱਤਰ ਸੀਸ ਸਿਰ ਤੇ ਰੱਖੀ ਕੀਰਤਪੁਰ ਸਾਹਿਬ ਵੱਲ ਵਧ ਰਹੇ ਸਨ। ਉੱਧਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਪੂਜਨੀਕ ਦਾਦੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨਾਲ ਕੀਰਤਪੁਰ ਸਾਹਿਬ ਪਹੁੰਚ ਚੁੱਕੇ ਸਨ। ਕੀਰਤਪੁਰ ਸਾਹਿਬ ਪਹੁੰਚ ਕੇ ਭਾਈ ਜੈਤਾ ਜੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤਾ। ਉੱਥੇ ਸਾਰੀ ਸੰਗਤ ਨੇ ਗਮਗੀਨਗੀ ਦੀ ਹਾਲਤ ਵਿਚ ਸਤਿਕਾਰ ਸਹਿਤ ਪਵਿੱਤਰ ਸੀਸ ਦੇ ਦਰਸ਼ਨ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਵਿੱਤਰ ਸੀਸ ਨੂੰ ਇਕ ਪਾਲਕੀ ਵਿਚ ਬਿਰਾਜਮਾਨ ਕਰਨ ਤੋਂ ਬਾਅਦ ਭਾਈ ਜੈਤਾ ਜੀ ਨੂੰ ਕਲਾਵੇ ਵਿਚ ਲਿਆ ਤੇ ‘ਰੰਘਰੇਟਾ ਗੁਰੂ ਕਾ ਬੇਟਾ’ ਸ਼ਬਦ ਉਚਾਰੇ। ਕੀਰਤਪੁਰ ਸਾਹਿਬ ਵਿਖੇ ਜਿਸ ਅਸਥਾਨ ’ਤੇ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਪਵਿੱਤਰ ਸੀਸ ਰੱਖਿਆ ਸੀ ਤੇ ਜਿੱਥੇ ਫਿਰ ਪਾਲਕੀ ਵਿਚ ਨੌਵੇਂ ਪਾਤਿਸ਼ਾਹ ਦਾ ਪਵਿੱਤਰ ਸੀਸ ਟਿਕਾਇਆ ਗਿਆ ਸੀ ਉਸ ਅਸਥਾਨ ’ਤੇ ਹੁਣ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸਥਿਤ ਹੈ। ਇੱਥੋਂ ਸਾਰਾ ਗੁਰੂ ਪਰਿਵਾਰ ਅਤੇ ਸਿੱਖ ਸੰਗਤ ਬਾਣੀ ਪੜ੍ਹਦੀ ਹੋਈ ਨਗਰ ਕੀਰਤਨ ਦੇ ਰੂਪ ਵਿਚ ਆਨੰਦਪੁਰ ਸਾਹਿਬ ਪੁੱਜੀ।
ਆਨੰਦਪੁਰ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਥੜ੍ਹਾ ਆਪ ਬਣਵਾਇਆ ਤੇ ਉਸ ਉਪਰ 16 ਦਸੰਬਰ, 1675 ਦੇ ਦਿਨ ਆਪਣੇ ਗੁਰੂ—ਪਿਤਾ ਦਾ ਪਵਿੱਤਰ ਸੀਸ ਬਿਰਾਜਮਾਨ ਕਰ ਕੇ ਸ਼ਬਦਾਂ ਦੀ ਗੁੰਜਾਰ ਵਿਚ ਉਸ ਦਾ ਸਸਕਾਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਵਿੱਤਰ ਰਾਖ ਵਾਲੇ ਥੜ੍ਹੇ ਦੇ ਆਲੇ ਦੁਆਲੇ ਯਾਦਗਾਰ ਵਜੋਂ ਇਕ ਕਮਰਾ ਬਣਵਾ ਦਿੱਤਾ। ਹੁਣ ਇਸ ਅਸਥਾਨ ’ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸਥਿਤ ਹੈ। ਇਸ ਗੁਰਦੁਆਰੇ ਦੇ ਸਾਹਮਣੇ ਅਕਾਲਬੁੰਗਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੜ੍ਹੇ ਹੋ ਕੇ ਸੰਗਤ ਨੂੰ ਸੰਬੋਧਨ ਕੀਤਾ ਸੀ ਤੇ ਸਿਦਕ ਅਤੇ ਧੀਰਜ ਵਿਚ ਰਹਿਣ ਦਾ ਉਪਦੇਸ਼ ਦਿੱਤਾ ਸੀ। ਗੁਰੂ ਕੇ ਮਹਿਲ ਅਰਥਾਤ ਜਿਸ ਅਸਥਾਨ ’ਤੇ ਪਹਿਲਾਂ ਨੌਵਂੇ ਪਾਤਿਸ਼ਾਹ ਨਿਵਾਸ ਕਰਦੇ ਸਨ ਉੱਥੇ ਸ੍ਰੀ ਗੁਰੂ ਗ®ੰਥ ਸਾਹਿਬ ਜੀ ਦਾ ਪਾਠ ਰੱਖਿਆ ਗਿਆ। ਇਸ ਅਸਥਾਨ ਨੂੰ ਗੁਰਦੁਆਰਾ ਦਮਦਮਾ ਸਾਹਿਬ ਵੀ ਕਿਹਾ ਜਾਂਦਾ ਹੈ।
ਲੱਖੀ ਸ਼ਾਹ ਜੀ ਆਪਣੇ ਤਿੰਨਾਂ ਪੱੁਤਰਾਂ ਤੇ ਦਿੱਲੀ ਦੀ ਸੰਗਤ ਸਮੇਤ ਨੌਵੇਂ ਪਾਤਿਸ਼ਾਹ ਦੀਆਂ ਪਵਿੱਤਰ ਅਸਥੀਆਂ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ ਤੇ ਇਹ ਪਵਿੱਤਰ ਅਸਥੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤੀਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੱਖੀ ਸ਼ਾਹ ਜੀ ਨੂੰ ਤੇ ਦਿੱਲੀ ਦੀ ਸੰਗਤ ਨੂੰ ਮਾਣ ਬਖਸ਼ਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਵਿੱਤਰ ਅਸਥੀਆਂ ਨੂੰ ਆਪਣੇ ਹੱਥੀਂ ਸਤਲੁਜ ਦਰਿਆ ਵਿਚ ਪਰਵਾਹਿਤ ਕੀਤਾ। ਚਾਰੇ ਪਾਸੇ ਤੋਂ ਅਵਾਜ਼ ਆ ਰਹੀ ਸੀ:
ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ!
ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ!

ਇਸ ਸਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਦਾ 346ਵਾਂ ਵਰ੍ਹਾ ਦਸੰਬਰ 8, 2021 ਨੂੰ ਹੈ। ਆਪ ਜੀ ਦੀ ਪਵਿੱਤਰ ਯਾਦ ਵਿਚ ਇਸ ਦਿਨ ਸਾਰੇ ਸੰਸਾਰ ਵਿਚ ਸਮਾਗਮ ਕੀਤੇ ਜਾਣਗੇ ਜਿਨ੍ਹਾਂ ਵਿਚ ਆਪ ਨੂੰ ਤਹਿ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।

ਡਾ. ਅੰਮ੍ਰਿਤ ਕੌਰ
(ਰਿਟਾ. ਪ੍ਰੋਫੈਸਰ)
ਪੰਜਾਬੀ ਯੂਨੀਵਰਸਿਟੀ,
ਪਟਿਆਲਾ (ਪੰਜਾਬ)

You must be logged in to post a comment Login