ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਅਤੇ ਪੁਲੀਸ ਦਰਮਿਆਨ ਖਿੱਚ-ਧੂਹ

ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਅਤੇ ਪੁਲੀਸ ਦਰਮਿਆਨ ਖਿੱਚ-ਧੂਹ

ਸੰਗਰੂਰ, 2 ਮਾਰਚ- ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰਾਂ ਅਤੇ ਪੁਲੀਸ ਦਰਮਿਆਨ ਝੜਪ ਹੋਈ ਜਿਸ ਦੌਰਾਨ ਇੱਕ ਬੇਰੁਜ਼ਗਾਰ ਦੀ ਪੱਗ, ਕਈ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਦੀਆਂ ਚੁੰਨੀਆਂ ਲੱਥ ਗਈਆਂ ਅਤੇ ਇੱਕ ਡੀਐਸਪੀ ਦੀ ਵਰਦੀ ਦਾ ਬੈਜ ਵੀ ਉਖੜ ਗਿਆ। ਖਿੱਚ-ਧੂਹ ਦੌਰਾਨ ਪੁਲੀਸ ਪੰਜ ਪ੍ਰਦਰਸ਼ਨਕਾਰੀ ਲੜਕੀਆਂ ਸਮੇਤ ਅੱਠ ਬੇਰੁਜ਼ਗਾਰਾਂ ਨੂੰ ਜਬਰੀ ਧੂਹ ਕੇ ਲੈ ਗਈ ਅਤੇ ਹਿਰਾਸਤ ’ਚ ਲੈ ਕੇ ਬੱਸ ’ਚ ਬਿਠਾ ਲਿਆ। ਇੱਕ ਪ੍ਰਦਰਸ਼ਨਕਾਰੀ ਲੜਕੀ ਨੂੰ ਤਾਂ ਪੁਲੀਸ ਨੇ ਲੱਤਾਂ-ਬਾਹਾਂ ਤੋਂ ਫੜ ਘਸੀਟਦਿਆਂ ਜਬਰੀ ਹਿਰਾਸਤ ’ਚ ਲਿਆ। ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੂੰ ਭਾਰੀ ਜਦੋਜਹਿਦ ਕਰਨੀ ਪਈ।ਇਹ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਤੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। ਬੇਰੁਜ਼ਗਾਰ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮਤਰੀ ਦੀ ਕੋਠੀ ਵੱਲ ਵਧ ਰਹੇ ਸੀ ਪਰੰਤੂ ਪੁਲੀਸ ਨੇ ਸਖਤ ਨਾਕੇਬੰਦੀ ਕਰਕੇ ਬੇਰੁਜ਼ਗਾਰਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲੀਸ ਨਾਲ ਖਿੱਚਧੂਹ ਹੋਈ। ਬੇਰੁਜ਼ਗਾਰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਮੰਗ ਕਰ ਰਹੇ ਸਨ ਪਰੰਤੂ ਪ੍ਰਸ਼ਾਸ਼ਨ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਤੋਂ ਅਸਮਰੱਥ ਸੀ। ਬੇਰੁਜ਼ਗਾਰਾਂ ਨੇ ਮੁੜ ਜਬਰੀ ਅੱਗੇ ਵਧਣ ਦਾ ਯਤਨ ਕੀਤਾ ਅਤੇ ਪੁਲੀਸ ਨਾਲ ਧੱਕਾ-ਮੁੱਕੀ ਹੋਈ। ਪ੍ਰਦਰਸ਼ਨਕਾਰੀਆਂ ਦੀ ਮੰਗ ’ਤੇ ਹਿਰਾਸਤ ’ਚ ਲਏ ਸਾਥੀਆਂ ਨੂੰ ਪੁਲੀਸ ਨੂੰ ਛੱਡ ਦਿੱਤਾ ਗਿਆ।

You must be logged in to post a comment Login