ਸੰਚਾਰ ਸਾਧਨ, ਅਸੰਵੇਦਨਸ਼ੀਲਤਾ ਤੇ ਵਧ ਰਿਹਾ ਹਿੰਸਕ ਵਰਤਾਰਾ

ਸੰਚਾਰ ਸਾਧਨ, ਅਸੰਵੇਦਨਸ਼ੀਲਤਾ ਤੇ ਵਧ ਰਿਹਾ ਹਿੰਸਕ ਵਰਤਾਰਾ

ਕਤਲ ਦੇ ਟੈਲੀਵਿਜ਼ਨ ਸੀਰੀਅਲ ਵਿੱਚ ਦਿਖਾਏ ਢੰਗ ਦੀ ਤਰਜ਼ ’ਤੇ ਦਿੱਲੀ ਵਿੱਚ 28 ਸਾਲਾ ਨੌਜੁਆਨ ਵੱਲੋਂ ਆਪਣੀ 26 ਸਾਲਾ ਮਹਿਲਾ ਮਿੱਤਰ ਦੀ ਹੱਤਿਆ ਉਪੰਰਤ ਉਸ ਦੇ ਸਰੀਰ ਨੂੰ 35 ਟੁਕੜਿਆਂ ਵਿੱਚ ਵੱਢ ਕੇ ਫਰਿੱਜ ਵਿੱਚ ਲਗਾ ਦੇਣ ਅਤੇ ਹਰ ਰਾਤ ਇੱਕ ਟੁਕੜੇ ਨੂੰ ਮਹਿਰੌਲੀ ਵੱਲ ਜੰਗਲ ਵਿੱਚ ਸੁੱਟੀ ਜਾਣ ਅਤੇ ਪੰਜ ਮਹੀਨੇ ਏਸ ਜੁਰਮ ਦੀ ਭਿਣਕ ਨਾ ਪੈਣ ਦੇਣ ਦੀ ਖ਼ਬਰ ਨੇ ਦੇਸ਼ ਵਿੱਚ ਫੈਲ ਰਹੀ ਅਸੰਵੇਦਨਸ਼ੀਲਤਾ ਤੇ ਬਰਬਰਤਾ ਦੀ ਸਿਖਰ ਦੇ ਸੰਕੇਤ ਵਲ ਧਿਆਨ ਖਿਚਿਆ ਹੈ। ਦੋਸ਼ੀ ਨੇ ਪੜਤਾਲ ਦੌਰਾਨ ਮੰਨਿਆ ਕਿ ਉਸ ਨੇ ਇਹ ਅੱਤ ਅਸੰਵੇਦਨਸ਼ੀਲ ਕਾਰਾ ਅਮਰੀਕਾ ਦੀ ਜੁਰਮ ਸੀਰੀਜ਼ ‘ਡੈਕਸਟਰ’ ਨੂੰ ਦੇਖ ਕੇ ਕੀਤਾ ਜਿਸ ਵਿੱਚ ਇਕ ਸੀਰੀਅਲ ਕਿਲਰ ਏਸ ਤਰ੍ਹਾਂ ਦੇ ਜੁਰਮ ਕਰਦਾ ਹੈ।ਨਾਵਲਕਾਰ ਜੈਫ ਲਿੰਡਸੇ ਦੇ ਨਾਵਲ ‘ਡਾਰਕਲੀ ਡਰੀਮਿੰਗ ਡੈਕਸਟਰ’ ਉਤੇ ਅਧਾਰਿਤ ਅਕਤੂਬਰ 2006 ਤੋਂ ਸੰਤਬਰ 2013 ਤੱਕ ਚੱਲੇ ਏਸ ਟੀਵੀ ਲੜੀਵਾਰ ਦੇ ਪ੍ਰਭਾਵ ਹੇਠ ਅਮਰੀਕਾ, ਕੈਨੇਡਾ, ਸਪੇਨ, ਬਰਤਾਨੀਆ, ਨਾਰਵੇ ਦੇਸ਼ਾਂ ਵਿੱਚ ਕਈ ਨੌਜੁਆਨਾਂ ਤੇ ਅੱਲ੍ਹੜ ਲੜਕਿਆਂ ਨੇ ਆਪਣੀਆਂ ਪ੍ਰੇਮਿਕਾਵਾਂ ਨੂੰ ਅਸੱਭਿਅਕ ਢੰਗਾਂ ਨਾਲ ਮਾਰ ਕੇ ਸਰੀਰਕ ਅੰਗਾਂ ਨੂੰ ਪਲਾਸਟਿਕ ਲਿਫਾਫੇ ਆਦਿ ਵਿੱਚ ਵਲੇਟ ਕੇ ਰੱਖਿਆ ਜਾਂ ਸੁੱਟਿਆ। ਮਹਿਰੌਲੀ ਕੇਸ ਦੀ ਛਾਣਬੀਣ ਤੋਂ ਪਤਾ ਚਲਦਾ ਹੈ ਕਿ ਮ੍ਰਿਤਕ ਲੜਕੀ ਖੁਦ ਵੀ ਖੁੱਲ੍ਹਾ ਤੇ ਆਪਣੀ ਮਰਜ਼ੀ ਦਾ ਜੀਵਨ ਜੀਣਾ ਚਹੁੰਦੀ ਸੀ। ਉਹ ਅਮਰੀਕਨ ਟੀਵੀ ਸੀਰੀਅਲ ‘ਫਰੈਂਡ’ ਦੀ ਫੈਨ ਸੀ, ਜਿਸ ਵਿੱਚ ਛੇ ਮਿੱਤਰ ਲੜਕੇ-ਲੜਕੀਆਂ ਖੁੱਲ੍ਹਾ ਜੀਵਨ ਬਤੀਤ ਕਰਦੇ ਦਿਖਾਏ ਗਏ ਸਨ। ਏਸੇ ਕਰਕੇ ਸ਼ਾਇਦ ਪਰਿਵਾਰ ਦੇ ਮਨ੍ਹਾ ਕਰਨ ਨੂੰ ਦਰਕਿਨਾਰ ਕਰ ਕੇ ਆਪਣੇ ਮਿਤਰ ਨਾਲ ਲਿਵ-ਇਨ-ਰਿਲੇਸ਼ਨ ਵਜੋਂ ਰਹਿਣ ਲਗ ਪਈ। ਟੀਵੀ ’ਤੇ ਹੋਰ ਮਾਡਰਨ ਸੰਚਾਰ ਸਾਧਨਾਂ ਦੇ ਮੱਨੁਖੀ ਜੀਵਨ ’ਤੇ ਪ੍ਰਭਾਵਾਂ ਬਾਰੇ ਖੋਜਾਂ ਤੇ ਸੰਬਧਤ ਲਿਖਤਾਂ ਇਸ਼ਾਰਾ ਕਰਦੀਆਂ ਹਨ ਕਿ ਮੱਨੁਖੀ ਵਰਤਾਰਾ ਸੰਚਾਰ ਦੇ ਅਜੋਕੇ ਸਾਧਨਾਂ ਕਰਕੇ ਵੱਡੀ ਪੱਧਰ ’ਤੇ ਬਦਲਿਆ ਹੈ ਅਤੇ ਬਦਲ ਰਿਹਾ ਹੈ, ਜਿਸਦੇ ਹਾਂਪੱਖੀ ਤੇ ਨਾਂਹਪੱਖੀ ਨਤੀਜੇ ਸਾਹਮਣੇ ਆ ਰਹੇ ਹਨ।

ਸੰਚਾਰ ਅਤੇ ਅੰਤਰਕਾਰਜ ਮਨੁੱਖੀ ਜੀਵਨ ਦਾ ਧੁਰਾ ਹਨ। ਕਬਾਇਲੀ ਤੇ ਅੱਤ-ਸਰਲ ਸਮਾਜਾਂ ਵਿੱਚ ਇਸ਼ਾਰਿਆ, ਬੋਲੀਆਂ ਤੇ ਫੇਰ ਲਿਖਤ ਭਾਸ਼ਾਵਾਂ ਵਿੱਚ ਸੰਚਾਰ ਪ੍ਰਰਿਆਵਾਂ ਦੀ ਸ਼ੁਰੂਆਤ ਹੋਈ ਪਰ ਸੰਚਾਰ ਵਧੇਰੇ ਕਰਕੇ ਸਥਾਨਕ ਪੱਧਰੀ ਸੀ। ਮਨੁੱਖੀ ਵਿਕਾਸ ਤੇ ਕੁਦਰਤ ਨੂੰ ਹੋਰ ਜਾਣਨ ਅਤੇ ਕੰਟਰੋਲ ਕਰਨ ਦੀ ਉਤਸੁਕਤਾ ਨੇ ਸਾਇੰਸ ਤੇ ਤਕਨਾਲੋਜੀ ਨੂੰ ਜਨਮ ਦਿੱਤਾ। ਅਠਾਰ੍ਹਵੀਂ ਸਦੀ ਦੌਰਾਨ ਇੰਗਲੈਂਡ ਵਿੱਚ ਉਪਜੇ ਉਦਯੋਗਿਕ ਇਨਕਲਾਬ ਨੇ ਦੁਨੀਆਂ ਵਿੱਚ ਮਨੁੱਖੀ ਜੀਵਨ ਨੂੰ ਤੇਜ਼ੀ ਨਾਲ ਬਦਲਣਾ ਸ਼ੁਰੂ ਕੀਤਾ ਅਤੇ ਤਕਨਾਲੋਜੀ ਤੋਂ ਬਿਨਾਂ ਜੀਵਨ ਅਧੂਰਾ ਲੱਗਣ ਲਗਾ। ਟੈਲੀਫੋਨ, ਰੇਡੀਉ ਤੋਂ ਸ਼ੁਰੂ ਹੋ ਕੇ ਟੈਲੀਵਿਜ਼ਨ, ਇੰਟਰਨੈਟ, ਫਿਲਮਾਂ, ਅਖਬਾਰਾਂ, ਰਸਾਲੇ ਤੇ ਹੋਰ ਸੋਸ਼ਲ ਮੀਡੀਆ ਦੀ ਆਮਦ ਨੇ ਮਨੁੱਖੀ ਜੀਵਨ ਤੇ ਵਰਤਾਰੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਮਿਥਿਹਾਸਕ ਕਥਾਵਾਂ, ਧਾਰਮਿਕ ਲਿਖਤਾਂ, ਕਹਾਣੀਆਂ, ਕਿੱਸੇ ਸੁਣਨ ਅਤੇ ਬਾਤਾਂ, ਬੁਝਾਰਤਾਂ, ਬੋਲੀਆਂ ਆਦਿ ਦੇ ਪਰਿਵਾਰ ਤੇ ਪਿੰਡ ਪੱਧਰੀ ਮਨਪ੍ਰਚਾਵੇ ਦੀ ਥਾਂ ਵੱਖ ਵੱਖ ਤਰ੍ਹਾਂ ਮਕਾਨਕੀ ਸੰਚਾਰ ਸਾਧਨਾਂ ਤੇ ਖਾਸਕਰ ਸਮਾਰਟ ਫੋਨਾਂ ਤੋਂ ਮਨ ਪ੍ਰਚਾਵੇ ਤੇ ਸੂਚਨਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਆਲਮ ਇਹ ਹੈ ਕਿ ਮਨੁੱਖ ਸਮੂਹਾਂ ਦੀ ਥਾਂ ਇਕਲਾ ਹੋ ਗਿਆ ਹੈ ਅਤੇ ਪਦਾਰਥਵਾਦੀ ਯੁੱਗ ਵਿੱਚ ਹਰ ਤਰ੍ਹਾਂ ਦੀ ਸਹੂਲਤ ਮਾਨਣ ਲਈ ਉਤਸੁਕ ਰਹਿੰਦਾ ਹੈ। ਸੰਚਾਰ ਸਾਧਨਾਂ, ਖਾਸਕਰ ਇੰਟਰਨੈਟ ਅਧਾਰਤ ਕੰਪਿਊਟਰ ਤੇ ਮੋਬਾਈਲ ਨੇ ਜਿਥੇ ਸੂਚਨਾਵਾਂ ਦੀ ਪ੍ਰਾਪਤੀ, ਬੈਕਾਂ, ਰੇਲਾਂ, ਹਵਾਈ ਸਫਰਾਂ, ਕਾਰੋਬਾਰਾਂ ਆਦਿ ਵਿੱਚ ਚੰਗੀ ਭੂਮਿਕਾ ਨਿਭਾਈ ਹੈ, ਉਥੇ ਲੋਕਾਂ ਨੂੰ ਤੇ ਵਧੇਰੇ ਕਰਕੇ ਬੱਚਿਆਂ ਤੇ ਨੌਜੁਆਨਾਂ ਦੀ ਜ਼ਿੰਦਗੀ, ਪੜ੍ਹਾਈ, ਖੇਡਣ, ਸੌਣ ਤੇ ਮੱਨੁਖੀ ਉਤਪਾਦਕ ਸ਼ਕਤੀ ਦੇ ਮਾੜੇ ਇਸਤੇਮਾਲ ਵਲ ਵਧੇਰੇ ਰੋਲ ਅਦਾ ਕੀਤਾ ਹੈ, ਜੋ ਮੋਬਾਈਲ ਦੇ ਹੱਦੋਂ ਵੱਧ ਇਸਤੇਮਾਲ, ਪੋਰਨੋਗ੍ਰਾਫੀ ਦੇ ਜਾਲ, ਨਸ਼ਾਖੋਰੀ, ਵਿਭਚਾਰੀ ਵਿਵਹਾਰ ਤੇ ਵੱਖ ਵੱਖ ਤਰ੍ਹਾਂ ਦੇ ਜੁਰਮਾਂ ਵਿੱਚ ਦ੍ਰਿਸ਼ਟਮਾਨ ਹੋ ਰਿਹਾ ਹੈੈ। ਟੀਵੀ ਦੀ ਆਮ ਸਮਗਰੀ ਤੇ ਖਾਸਕਰ ਸੀਰੀਅਲ਼ਾਂ ਵਿੱਚ ਦਿਖਾਈਆਂ ਜਾਦੀਆਂ ਰਿਸ਼ਤਿਆਂ ਦੀਆਂ ਬਣਤਰਾਂ ਦੇਖ ਕਈ ਲੋਕਾਂ ਦਾ ਵਰਤਾਰਾ ਚਿੜਚੜਾ, ਹਮਲਾਵਰੀ, ਡਰ ਤੇ ਭੈ ਭਰਿਆ ਹੋ ਜਾਂਦਾ ਹੈ ਅਤੇ ਤਲਿੱਸਮੀ ਜੀਵਨ ਦੀ ਲੋਚਾ ਕਰ ਮਨੋਰੋਗੀ ਹੋ ਜਾਂਦੇ ਹਨ।

You must be logged in to post a comment Login