ਵੈਨਕੂਵਰ, 21 ਮਈ : ਆਪਣੇ ਪਤੀ ਨਾਲ ਡੈਲਟਾ ’ਚ ਰਹਿੰਦੀ ਅਤੇ ਸਰੀ ਮੈਮੋਰੀਅਲ ਹਸਪਤਾਲ ਵਿੱਚ ਨਰਸ ਵਜੋਂ ਸੇਵਾ ਨਿਭਾ ਰਹੀ ਸੰਦੀਪ ਥਿਆੜਾ ਬੱਸੀ ਸੱਤਮਾਹੇ ਬੱਚਿਆਂ ਨੂੰ ਆਪਣਾ ਦੁੱਧ ਪਿਲਾ ਕੇ ਨਵੀਂ ਜ਼ਿੰਦਗੀ ਦੇ ਰਹੀ ਹੈ। ਦਰਅਸਲ, ਧੀ ਨਿਆਰਾ ਦੇ ਜਨਮ ਤੋਂ ਬਾਅਦ ਉਸ ਨੂੰ ਸਮੇਂ ਤੋਂ ਪਹਿਲਾਂ ਜੰਮੇ ਕਮਜ਼ੋਰ ਬੱਚਿਆਂ ਦਾ ਦਰਦ ਮਹਿਸੂਸ ਹੋਣ ਲੱਗਾ। ਆਪਣੀ ਧੀ ਦੀ ਲੋੜ ਤੋਂ ਵਾਧੂ ਦੁੱਧ ਉਹ ਲੋੜਵੰਦ ਕਮਜ਼ੋਰ (ਸੱਤਮਾਹੇ) ਬੱਚਿਆਂ ਨੂੰ ਪਿਲਾ ਕੇ ਉਹ ਸੈਂਕੜੇ ਬੱਚਿਆਂ ਨੂੰ ਸਿਹਤਮੰਦ ਕਰ ਚੁੱਕੀ ਹੈ। ਸਰੀ ਹਸਪਤਾਲ ਦੇ ਜਣੇਪਾ ਵਾਰਡ ’ਚ ਸੇਵਾਵਾਂ ਨਿਭਾਉਂਦੀ ਸੰਦੀਪ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਜਦੋਂ ਉਹ ਆਪਣੀ ਬੇਟੀ ਨੂੰ ਦੁੱਧ ਚੁੰਘਾਉਂਦੀ ਸੀ ਤਾਂ ਉਸਦੀਆਂ ਅੱਖਾਂ ਮੂਹਰੇ ਉਨ੍ਹਾਂ ਕਮਜ਼ੋਰ ਬੱਚਿਆਂ ਦੇ ਮਾਸੂਮ ਚਿਹਰੇ ਘੁੰਮਣ ਲੱਗ ਪੈਂਦੇ, ਜੋ ਸਮੇਂ ਤੋਂ ਪਹਿਲਾਂ ਪੈਦਾ ਹੋਣ ਕਾਰਨ (ਸੱਤਮਾਹੇ) ਕਮਜ਼ੋਰ ਹੁੰਦੇ ਹਨ ਤੇ ਮਾਵਾਂ ਦੀਆਂ ਛਾਤੀਆਂ ’ਚੋਂ ਲੋੜੀਂਦਾ ਦੁੱਧ ਪੈਦਾ ਨਾ ਹੋਣ ਕਰਕੇ ਜ਼ਿੰਦਗੀ ਭਰ ਦੀ ਕਮਜ਼ੋਰੀ ਨਾਲ ਘੁਲਣ ਲਈ ਮਜਬੂਰ ਹੋ ਜਾਂਦੇ ਹਨ। ਉਸ ਨੇ ਦੱਸਿਆ ਕਿ ਇਨ੍ਹਾਂ ਖਿਆਲਾਂ ਕਾਰਨ ਉਸਦਾ ਸਰੀਰ ਲੋੜ ਤੋਂ ਦੁੱਗਣਾ ਦੁੱਧ ਪੈਦਾ ਕਰਨ ਲੱਗਾ।
ਨਰਸ ਸੰਦੀਪ ਥਿਆੜਾ ਜੱਸੀ ਨੇ ਸਿਹਤ ਵਿਭਾਗ ਨੂੰ ਆਪਣੀ ਇੱਛਾ ਤੋਂ ਜਾਣੂ ਕਰਵਾ ਕੇ ਮਨਜ਼ੂਰੀ ਲੈ ਲਈ ਤੇ ਆਪਣਾ ਦੁੱਧ ਦਾਨ ਕਰਨ ਲੱਗੀ। ਉਸ ਨੇ ਦੱਸਿਆ ਕਿ ਸੱਤ ਮਹੀਨਿਆਂ ਤੋਂ ਉਹ ਰੋਜ਼ਾਨਾ ਦੁੱਧ ਪੈਕ ਕਰ ਕੇ ਲੋੜਵੰਦ ਸਥਾਨਾਂ ’ਤੇ ਭੇਜਦੀ ਹੈ, ਜਿਸ ਨਾਲ ਸੈਂਕੜੇ ਸੱਤਮਾਹੇ ਬੱਚੇ ਸਿਹਤਮੰਦ ਹੋ ਚੁੱਕੇ ਹਨ। ਸੰਦੀਪ ਥਿਆੜਾ ਜੱਸੀ ਨੇ ਸਪੱਸ਼ਟ ਕੀਤਾ ਕਿ ਉਸ ਨੇ ਕਿਸੇ ਮਸ਼ਹੂਰੀ ਲਈ ਅਜਿਹਾ ਨਹੀਂ ਕੀਤਾ ਸਗੋਂ ਇਹ ਤਾਂ ਉਸ ਦੀ ਤੀਬਰ ਇੱਛਾ ਕਾਰਨ ਸਰੀਰ ’ਚੋਂ ਆਪਣੇ-ਆਪ ਵੱਧ ਦੁੱਧ ਪੈਦਾ ਹੋਣ ਕਰਕੇ ਸੰਭਵ ਹੋ ਸਕਿਆ ਹੈ। ਉਸ ਨੇ ਦੱਸਿਆ ਕਿ ਲੰਘੇ ਸੱਤ ਮਹੀਨਿਆਂ ’ਚ ਉਹ 100 ਲਿਟਰ ਤੋਂ ਵੱਧ ਦੁੱਧ ਲੋੜਵੰਦ ਬੱਚਿਆਂ ਤੱਕ ਪਹੁੰਚਾ ਚੁੱਕੀ ਹੈ ਤੇ ਹੋਰ ਔਰਤਾਂ ਨੂੰ ਵੀ ਇਸ ਬਾਰੇ ਜਾਗਰੂਕ ਕਰ ਰਹੀ ਹੈ।
You must be logged in to post a comment Login