ਹਰਦੀਪ ਨਿੱਝਰ ਹੱਤਿਆ ਮਾਮਲੇ ਵਿਚ ਚੌਥਾ ਭਾਰਤੀ ਨਾਗਰਿਕ ਗ੍ਰਿਫ਼ਤਾਰ

ਹਰਦੀਪ ਨਿੱਝਰ ਹੱਤਿਆ ਮਾਮਲੇ ਵਿਚ ਚੌਥਾ ਭਾਰਤੀ ਨਾਗਰਿਕ ਗ੍ਰਿਫ਼ਤਾਰ

ਓਟਵਾ, 12 ਮਈ- ਕੈਨੇਡਾ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਚੌਥੇ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡੀਅਨ ਅਥਾਰਿਟੀਜ਼ ਇਸ ਹਾਈ ਪ੍ਰੋਫਾਈਲ ਕੇਸ ਵਿਚ ਤਿੰਨ ਭਾਰਤੀ ਨਾਗਰਿਕਾਂ- ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਤੇ ਕਰਨਪ੍ਰੀਤ ਸਿੰਘ (28) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਗ੍ਰਿਫ਼ਤਾਰ ਕੀਤੇ ਚੌਥੇ ਭਾਰਤੀ ਨਾਗਰਿਕ ਦੀ ਪਛਾਣ ਅਮਰਦੀਪ ਸਿੰਘ (22) ਵਜੋਂ ਦੱਸੀ ਗਈ ਹੈ, ਜੋ ਕੈਨੇਡਾ ਦੇ ਬਰੈਂਪਟਨ, ਸਰੀ ਤੇ ਐਬਟਸਫੋਰਡ ਇਲਾਕਿਆਂ ਦਾ ਵਸਨੀਕ ਹੈ। ਉਸ ਉੱਤੇ ਪਹਿਲਾ ਦਰਜਾ ਕਤਲ ਤੇ ਕਤਲ ਦੀ ਸਾਜ਼ਿਸ਼ ਦਾ ਦੋਸ਼ ਆਇਦ ਕੀਤਾ ਗਿਆ ਹੈ। ਨਿੱਝਰ (45) ਦੀ ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੀ ਜਾਂਚ ਟੀਮ ਨੇ ਕਿਹਾ ਕਿ ਸਿੰਘ ਨੂੰ ਨਿੱਝਰ ਕਤਲ ਮਾਮਲੇ ਵਿਚ ਉਸ ਦੀ ਸ਼ੱਕੀ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਲੀਜ਼ ਮੁਤਾਬਕ ਅਮਰਦੀਪ ਸਿੰਘ ਹਥਿਆਰਾਂ ਨਾਲ ਜੁੜੇ ਇਕ ਮਾਮਲੇ ਵਿਚ ਪਹਿਲਾਂ ਹੀ ਪੀਲ ਰੀਜਨਲ ਪੁਲੀਸ ਦੀ ਹਿਰਾਸਤ ਵਿਚ ਸੀ। –

You must be logged in to post a comment Login