ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ

ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ

ਗੱਜਣਵਾਲਾ ਸੁਖਮਿੰਦਰ ਸਿੰਘ

ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੀ ਸਥਾਪਨਾ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਚਿੰਤਨ ਵਿਚ ਗੰਭੀਰ ਸਵਾਲ ਅਤੇ ਵਿਸ਼ਾਲ ਤਲਾਸ਼ ਸੀ ਕਿ ਕਿਸੇ ਬਾਖਸੂਸ ਹਸਤੀ ਦੇ ਹੱਥੋਂ ਇਸ ਦੀ ਬੁਨਿਆਦ (ਨੀਂਹ) ਰਖਵਾਈ ਜਾਵੇ। ਇਸ ਕਾਰਜ ਲਈ ਗੁਰੂ ਸਾਹਿਬ ਨੇ ਗੁਰੂ-ਪ੍ਰੀਤ ਨਾਲ ਜੁੜੇ ਹੋਏ ਕਾਦਰੀ ਸੰਪਰਦਾ ਦੇ ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਨੂੰ ਚੁਣਿਆ। ਸਾਈਂ ਮੀਆਂ ਮੀਰ ਦੀ ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਉਨ੍ਹਾਂ ਦੇ ਗੁਰਤਾ-ਗੱਦੀ ’ਤੇ ਬਿਰਾਜਣ ਤੋਂ ਪਹਿਲਾਂ ਨੇੜਤਾ ਹੋ ਚੁੱਕੀ ਸੀ। ਉਹ ਗੁਰੂ ਸਹਿਬ ਨਾਲੋਂ ਉਮਰ ਵਿਚ 13 ਸਾਲ ਵੱਡੇ ਸਨ। ਗੁਰੂ ਸਾਹਿਬ 1580 ਈ. ਵਿਚ ਗੁਰੂ ਰਾਮਦਾਸ ਜੀ ਦੇ ਆਦੇਸ਼ ’ਤੇ ਲਾਹੌਰ ਗਏ ਤਾਂ ਉਹ ਉਥੇ ਕਰੀਬ ਦੋ ਸਾਲ ਰਹੇ। ਅਧਿਆਤਮਕ ਮੰਡਲਾਂ ਦੀ ਸਾਂਝ ਸਦਕਾ ਦੋਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਗੁਰੂ ਸਾਹਿਬ, ਸਾਈਂ ਮੀਆਂ ਮੀਰ ਨੂੰ ‘ਗਹਿਰ ਗੰਭੀਰ ਪੀਰਾਂ ਦਾ ਪੀਰ’ ਆਖਿਆ ਕਰਦੇ। ਗੁਰੂ ਜੀ ਦੇ ਗੁਰਤਾਗੱਦੀ ’ਤੇ ਬਿਰਾਜਮਾਨ ਹੋਣ ਪਿਛੋਂ ਸਾਈਂ ਜੀ ਅਕਸਰ ਅੰਮ੍ਰਿਤਸਰ ਆਉਂਦੇ ਰਹੇ। ਲਾਹੌਰ ਵਿੱਚ ਇਕ ਵਾਰ ਭੁੱਖਮਰੀ ਫੈਲ ਗਈ ਸੀ। ਲਾਹੌਰ ਲਾਸ਼ਾਂ ਦਾ ਸ਼ਹਿਰ ਬਣ ਗਿਆ ਸੀ। ਉਸ ਵੇਲੇ ਗੁਰੂ ਸਾਹਿਬ ਨੇ ਲੋੜਵੰਦਾਂ ਦੀ ਜੋ ਸੇਵਾ ਕੀਤੀ, ਉਸ ਦਾ ਸਾਰਾ ਮੰਜ਼ਰ ਸਾਈਂ ਜੀ ਨੇ ਅੱਖੀਂ ਤੱਕਿਆ।

ਪ੍ਰਸਿੱਧ ਇਤਿਹਾਸਕਾਰ ਗੁਲਾਮ ਮਹੀਉਦੀਨ ਬੂਟੇਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੇ ਇਤਿਹਾਸ ਬਾਰੇ ਪੁਸਤਕ ‘ਤਾਰੀਖ-ਏ-ਪੰਜਾਬ’ ਲਿਖੀ। ਇਸ ਵਿਚ ਉਨ੍ਹਾਂ ਨੇ ਮਹਾਰਾਜਾ ਦੇ ਦੇਹਾਂਤ ਤਕ ਦੇ ਸਾਰੇ ਹਾਲਾਤ ਦਰਜ ਕੀਤੇ। ਉਹ ਆਪਣੀ ਰਚਨਾ ਵਿਚ ਸਾਈਂ ਮੀਆਂ ਮੀਰ ਜੀ ਨੂੰ ‘ਸ਼ਾਹਮੀਰ’ ਕਹਿੰਦੇ ਹੋਏ ਅੰਕਿਤ ਕਰਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸ਼ਾਹਮੀਰ ਭਾਵ ਸਾਈਂ ਮੀਆਂ ਮੀਰ ਜੀ ਨੇ ਪਹਿਲੀ ਮਾਘ (ਦਸੰਬਰ 1588 ਈ) ਨੂੰ ਰੱਖੀ। ਅੰਗਰੇਜ਼ ਕਾਲ ਵੇਲੇ ਸਰਕਾਰੀ ਰਿਕਾਰਡ ਵਿਚ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦੇ ਜ਼ਿਕਰ ਦਾ ਠੋਸ ਹਵਾਲਾ ਪ੍ਰਾਪਤ ਹੁੰਦਾ ਹੈ। ਮਿਸਟਰ ਈ. ਨਿਕਲ, ਜੋ ਅੰਮ੍ਰਿਤਸਰ ਸ਼ਹਿਰ ਦੀ ਮਿਊਂਸਿਪਲ ਕਮੇਟੀ ਦਾ ਪਹਿਲਾ ਸਕੱਤਰ ਸੀ, ਨੇ ਪੰਜਾਬ ਨੋਟਸ ਐਂਡ ਕੁਐਰੀਜ਼ ਵਿਚ ਲਿਖਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਰੱਖੀ। ਇਸ ਪਿਛੋਂ ਅੰਮ੍ਰਿਤਸਰ ਦਾ ਜੋ ਪੁਰਾਣਾ ਗਜ਼ਟੀਅਰ ਹੈ, ਉਸ ਵਿਚ ਵੀ ਇਹ ਹੀ ਗੱਲ ਅੰਕਿਤ ਹੈ। ਡਾ. ਹਬੀਬ ਪੁਸਤਕ ‘ਉਮਦਾਤੁੱਤਵਾਰੀਖ’ ਦੇ ਹਵਾਲੇ ਨਾਲ ਲਿਖਦੇ ਹਨ ਕਿ ਗੁਰੂ ਸਾਹਿਬ ਖੁਦ ਸਾਈਂ ਮੀਆਂ ਮੀਰ ਜੀ ਨੂੰ ਲੈਣ ਲਾਹੌਰ ਗਏ ਅਤੇ ਉਨ੍ਹਾਂ ਦੇ ਮੁਬਾਰਕ ਹੱਥਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਰਖਵਾਇਆ।

ਗੁਰੂ ਸਾਹਿਬ ਬਾਣੀ ਵਿਚ ਫੁਰਮਾਉਂਦੇੇ ਹਨ: ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ॥

ਭਾਵ ਕਿ ਉਹ ਬਹੁਤ ਹੀ ਭਲਾ ਸਮਾਂ ਸੀ ਜਦ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। ਭੱਟ ਮਥੁਰਾ ਜੀ ਫਰਮਾਉਂਦੇ ਹਨ: ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ।

ਭਾਵ ਕਿ ਜਦੋਂ ਤਕ ਮਸਤਕ ਦੇ ਭਾਗ ਨਹੀਂ ਸਨ ਜਾਗੇ, ਉਦੋਂ ਤੀਕ ਪਛਤਾਵੇ ’ਚ ਭਟਕਦੇ ਰਹੇ। ਸਾਈਂ ਮੀਆਂ ਮੀਰ ਜੀ ਨੇ ਜਦੋਂ ਪੰਚਮ ਪਾਤਸ਼ਾਹ ਦਾ ਸਗਲ ਦੀਦਾਰ ਪਾਇਆ ਤਾਂ ਅਜ਼ੀਮ ਅਜ਼ਮਤ ਪਛਾਨਣ ਲਈ ਉਨ੍ਹਾਂ ਨੂੰ ਛਿਣ ਭਰ ਦਾ ਸਮਾਂ ਨਾ ਲੱਗਿਆ।

ਇਤਿਹਾਸਕ ਤੱਥ ਗਵਾਹੀ ਭਰਦੇ ਹਨ ਕਿ ਸਾਈਂ ਜੀ ਦੇ ਗੁਰੂ ਘਰ ਨਾਲ ਬਹੁਤ ਨੇੜਲੇ ਸਬੰਧ ਰਹੇ। ਸਿੱਖਾਂ ’ਤੇ ਇਕ ਵੇਲੇ ਉਦਾਸ ਰਾਤ ਆਈ ਸੀ, ਜਦੋਂ ਚੰਦੂ ਸ਼ਾਹ ਦੀਵਾਨ ਵਰਗੀਆਂ ਧਰੋਹੀ ਸ਼ਕਤੀਆਂ ਦਾ ਦੰਭ ਦਿਨੋਂ-ਦਿਨ ਗੁਰੂਘਰ ਵਿਰੁੱਧ ਉਭਰਨ ਲੱਗਾ। ਗੁਮਰਾਹ ਹੋਇਆ ਜਹਾਂਗੀਰ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਸੁਰ ਨੂੰ ਇਸਲਾਮੀ ਨਜ਼ਰੀਏ ਅਨੁਸਾਰ ਢਾਲਣ/ਵੇਖਣ ਦੇ ਰੌਂਅ ਵਿਚ ਆ ਗਿਆ ਸੀ। ਗੁਰੂਘਰ ’ਤੇ ਦੋਸ਼ ਲਾਏ ਤੇ ਜੁਰਮਾਨੇ ਆਇਦ ਕਰ ਦਿੱਤੇ ਗਏ ਪਰ ਗੁਰੂ ਸਾਹਿਬ ਨੇ ਜ਼ੁਲਮੀ ਫੁਰਮਾਨ ਨਾ ਮੰਨਿਆ। ਚੰਦੂ ਸ਼ਾਹ ਦਾ ਸਰਕਾਰੀ ਰਸੂਖ ਚਲਾ ਗਿਆ। ਉਸ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਨਿੱਜੀ ਖਾਰ ਕੱਢਣ ਲਈ ਰਾਹ ਸੁਖਾਲਾ ਕਰ ਲਿਆ। ਸਖ਼ਤ ਤਸੀਹੇ ਦਿੱਤੇ ਗਏ। ਨਿਵਿਆਉਣ ਲਈ ਬਾਦਸ਼ਾਹੀ ਸ਼ਰਤਾਂ ਦੁਹਰਾਈਆਂ ਗਈਆਂ। ਗੁਰੂ ਸਾਹਿਬ ਅਡੋਲ ਰਹੇ। ਸੱਚ ’ਤੇ ਦ੍ਰਿੜ੍ਹ ਰਹੇ। ਗੁਰੂ ਸਾਹਿਬ ਦੇੇ ਮਿੱਤਰ ਸਾਈਂ ਜੀ ਨੂੰ ਪਤਾ ਲੱਗਾ ਤਾਂ ਉਹ ਪਾਬੰਦੀਆਂ ਦੀ ਬਿਨਾਂ ਪਰਵਾਹ ਕੀਤੇ ਉਥੇ ਚਲੇ ਗਏ। ਅਕਹਿ ਦੁੱਖ ਦੇਖ ਕੇ ਉਨ੍ਹਾਂ ਆਖਿਆ, ‘‘ਗੁਰੂ ਜੀ! ਜੇ ਹੁਕਮ ਪਾਵਾਂ ਤਾਂ ਮੈਂ ਦੁਸ਼ਟਾਂ ਨੂੰ ਏਸ ਕਰਮ ਦਾ ਫਲ ਦੇਵਾਂ?’’ ਗੁਰੂ ਜੀ ਨੇ ਰਜ਼ਾ ਵਿਚ ਰਹਿਣ ਅਤੇ ਭਾਣਾ ਮੰਨਣ ਲਈ ਕਹਿੰਦਿਆਂ ਸਾਈਂ ਜੀ ਨੂੰ ਰੋਕ ਦਿੱਤਾ। ਗੁਰੂ ਹਰਿਗੋਬਿੰਦ ਜੀ ਨੂੰ ਜਦੋਂ ਗਵਾਲੀਅਰ ਕਿਲ੍ਹੇ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ ਸੀ ਤੇ ਬਾਦਸ਼ਾਹ ਨੇ ਗੁਰੂ ਨੂੰ ਰਿਹਾਅ ਕਰਨ ਬਾਰੇ ਵਿਸਾਰ ਦਿੱਤਾ ਸੀ ਤਾਂ ਅਹਿਲ-ਏ-ਇਲਮ ਸਾਈਂ ਜੀ ਹੀ ਰਿਹਾਈ ਦਾ ਜ਼ਰੀਆ ਬਣੇ। ਉਸ ਵਕਤ ਸਾਈਂ ਜੀ ਲਾਹੌਰ ਤੋਂ ਦਿੱਲੀ ਗਏ। ਬਾਦਸ਼ਾਹ ਦੀ ਚੇਤਨਾ ਉਸ ਵੇਲੇ ਰਾਜ-ਇਸ਼ਟ ਵਿਚ ਪੂਰੀ ਤਰ੍ਹਾਂ ਜਕੜੀ ਹੋਈ ਸੀ ਪਰ ਸਾਈਂ ਜੀ ਨੂੰ ਮਿਲਣ ਮਗਰੋਂ ਉਸ ਨੇ ਸਿਰ ਝੁਕਾਇਆ ਅਤੇ ਛੇਵੇਂ ਗੁਰੂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ।

ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਛੇਵੇਂ ਗੁਰੂ ਗਵਾਲੀਅਰ ਤੋਂ ਰਿਹਾਅ ਹੋ ਕੇ ਜਦ ਲਾਹੌਰ ਸਾਈਂ ਮੀਆ ਮੀਰ ਨੂੰ ਮਿਲਣ ਗਏ ਤਾਂ ਸਾਈਂ ਜੀ ਘੋੜੇ ਦੀ ਰਕਾਬ ਫੜ ਕੇ ਗੁਰੂ ਸਾਹਿਬ ਨੂੰ ਘੋੜੇ ’ਤੇ ਚੜ੍ਹੇ-ਚੜ੍ਹਾਇਆਂ ਨੂੰ ਹੀ ਆਪਣੇ ਨਿਵਾਸ ’ਤੇ ਲੈ ਗਏ। ਫਿਰ ਉਨ੍ਹਾਂ ਨਿਉਂ ਕੇ ਖੁਦ ਰਕਾਬ ਨੂੰ ਫੜ ਕੇ ਅਦਬ ਨਾਲ ਗੁਰੂ ਜੀ ਨੂੰ ਘੋੜੇ ਤੋਂ ਉਤਾਰਿਆ। ਤਦ ਮੁਗਲ ਪ੍ਰਸ਼ਾਸਨ ਨੂੰ ਸਾਈਂ ਜੀ ਦਾ ਗੁਰੂ ਸਾਹਿਬ ਅੱਗੇ ਝੁਕ ਕੇ ਸਤਿਕਾਰ ਕਰਨਾ ਇਸਲਾਮ ਦੀ ਤੌਹੀਨ ਲੱਗਿਆ। ਤਫਤੀਸ਼ ਕੀਤੀ ਗਈ ਤਾਂ ਸਾਈਂ ਜੀ ਨੇ ਫੁਰਮਾਇਆ, ‘‘ਹਰਿਗੋਬਿੰਦ ਸਾਹਿਬ ਜੋੋ ਹੈ, ਸੁ ਵੁਹ ਤੋ ਮਕਬੂਲ ਨੂਰ-ਏ-ਇਲਾਹੀ ਹੈਂ।’’

ਪ੍ਰਸਿੱਧ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਦੇ ਤੀਜੇ ਐਡੀਸ਼ਨ ਵਿਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਬਾਰੇ ਲ਼ਿਖਦੇ ਹਨ, ‘‘ਮੀਆਂ ਮੀਰ ਤੇ ਨੀਉਂ ਰਖਾਈ। ਕਾਰੀਗਰ ਪਲਟਿ ਕਰਿ ਲਾਈ॥’’ ਉੱਨੀਵੀਂ ਸਦੀ ਦੇ ਲੇਖਕ ਸੋਹਨ ਲਾਲ ਸੂਰੀ ਵੀ ਆਪਣੀ ਫਾਰਸੀ ਕਿਤਾਬ ‘ਉਮਦਾ-ਤੁ-ਤਵਾਰੀਖ’ ਵਿਚ ਅੰਕਿਤ ਕਰਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਰੱਖੀ। ਇਨਕਲਾਬੀ ਸ਼ਾਇਰ ਮੌਲਾਨਾ ਜ਼ਫਰ ਅਲੀ ਖ਼ਾਨ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦੇ ਹਵਾਲੇ ਨਾਲ ਅਰਜ਼ ਕਰਦੇ ਹਨ:

ਹਰਿਮੰਦਰ ਕੀ ਬੁਨਿਯਾਦ ਕੀ ਈਂਟ ਦੇ ਰਹੀ ਗਵਾਹੀ,

ਕਿ ਕਭੀ ਅਹਿਲੇ ਮਜ਼ਾਹਬ ਮੇਂ ਦੋਸਤੀ ਮੁਸਕਾਈ ਥੀ।

You must be logged in to post a comment Login