ਹਲਦਵਾਨੀ ਹਿੰਸਾ: ਉਤਰਾਖੰਡ ਸਰਕਾਰ ਵੱਲੋਂ ਹੋਰ ਕੇਂਦਰੀ ਬਲਾਂ ਦੀ ਮੰਗ

ਹਲਦਵਾਨੀ ਹਿੰਸਾ: ਉਤਰਾਖੰਡ ਸਰਕਾਰ ਵੱਲੋਂ ਹੋਰ ਕੇਂਦਰੀ ਬਲਾਂ ਦੀ ਮੰਗ

ਹਲਦਵਾਨੀ, 11 ਫਰਵਰੀ- ਉੱਤਰਾਖੰਡ ਸਰਕਾਰ ਨੇ ਤਿੰਨ ਦਿਨ ਪਹਿਲਾਂ ਇੱਥੋਂ ਦੇ ਬਨਭੂਲਪੁਰਾ ਵਿੱਚ ਗ਼ੈਰਕਾਨੂੰਨੀ ਮਦਰੱਸਾ ਤੋੜੇ ਜਾਣ ਮਗਰੋਂ ਭੜਕੀ ਹਿੰਸਾ ਦੇ ਮੱਦੇਨਜ਼ਰ ਸਥਿਤੀ ਨਾਲ ਨਜਿੱਠਣ ਲਈ ਹੋਰ ਕੇਂਦਰੀ ਬਲਾਂ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਗ੍ਰਹਿ ਮੰਤਰਾਲੇ ਤੋਂ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 100-100 ਜਵਾਨਾਂ ਵਾਲੀਆਂ ਚਾਰ ਕੰਪਨੀਆਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਹਿੰਸਾ ਪ੍ਰਭਾਵਿਤ ਬਨਭੂਲਪੁਰਾ ਇਲਾਕੇ ਵਿੱਚ ਕਾਨੂੰਨੀ ਵਿਵਸਥਾ ਕਾਇਮ ਰੱਖੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁੱਖ ਸਕੱਤਰ ਰਾਧਾ ਰਤੂੜੀ ਨੇ ਇਸ ਸਬੰਧੀ ਕੇਂਦਰ ਨੂੰ ਮੰਗ ਪੱਤਰ ਭੇਜ ਦਿੱਤਾ ਹੈ। ਦੂਜੇ ਪਾਸੇ ਬਨਭੂਲਪੁਰਾ ਇਲਾਕੇ ਨੂੰ ਛੱਡ ਕੇ ਹਲਦਵਾਨੀ ਦੇ ਬਾਕੀ ਹਿੱਸਿਆਂ ਵਿਚੋਂ ਕਰਫਿਊ ਹਟਾ ਲਿਆ ਗਿਆ ਹੈ। ਸ਼ਹਿਰ ਵਿੱਚ ਪਹਿਲਾਂ ਹੀ ਲਗਪਗ 1000 ਸੁਰੱਖਿਆ ਕਰਮੀ ਤਾਇਨਾਤ ਹਨ। ਬਨਭੂਲਪੁਰਾ ਵਿੱਚ ਦੁਕਾਨਾਂ ਬੰਦ ਹਨ ਅਤੇ ਸੜਕਾਂ ’ਤੇ ਸੰਨਾਟਾ ਪੱਸਰਿਆ ਹੋਇਆ ਹੈ ਜਿਸ ਨੂੰ ਕਦੇ-ਕਦਾਈਂ ਸੁਰੱਖਿਆ ਬਲਾਂ ਦੀ ਚਹਿਲਕਦਮੀ ਤੋੜ ਦਿੰਦੀ ਹੈ। ਸੰਵੇਦਨਸ਼ੀਲ ਸਥਿਤੀ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਵੀ ਬੰਦ ਹਨ।

You must be logged in to post a comment Login