ਹਾਂ, ਮੇਰੇ ਹੋਟਲ ਹਨ, ਪੀ. ਟੀ. ਸੀ. ਮੇਰਾ ਹੈ : ਸੁਖਬੀਰ ਬਾਦਲ

ਹਾਂ, ਮੇਰੇ ਹੋਟਲ ਹਨ, ਪੀ. ਟੀ. ਸੀ. ਮੇਰਾ ਹੈ : ਸੁਖਬੀਰ ਬਾਦਲ

ਜਲੰਧਰ— ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੰਟਰਵਿਊ ਦੌਰਾਨ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਇੰਟਰਵਿਊ ਵਿਚ ਉਨ੍ਹਾਂ ਤੋਂ ਹੋਟਲ, ਕੇਬਲ, ਪੀ.ਟੀ.ਸੀ. ਅਤੇ ਜਾਇਦਾਦ ਨੂੰ ਲੈ ਕੇ ਵੀ ਸਵਾਲ ਕੀਤੇ ਗਏ।
ਸਵਾਲ: ਤੁਹਾਡੇ ‘ਤੇ ਦੋਸ਼ ਹੈ ਕਿ ਸੱਤਾ ‘ਚ ਰਹਿੰਦੇ ਹੋਏ ਤੁਸੀਂ ਟਰਾਂਸਪੋਰਟ, ਹੋਟਲ, ਕੇਬਲ ਅਤੇ ਰੇਤ ਦੇ ਕਾਰੋਬਾਰ ਤੋਂ ਕਰੋੜਾਂ ਰੁਪਏ ਕਮਾਏ?
ਜਵਾਬ: ਪਹਿਲੀ ਗੱਲ ਤਾਂ ਜੋ ਮੇਰਾ ਹੈ, ਉਹ ਮੇਰਾ ਹੈ ਅਤੇ ਉਹ ਸ਼ਰੇਆਮ ਹੈ। ਇਹ ਖੁੱਲ੍ਹੀ ਕਿਤਾਬ ਹੈ। ਮੈਂ ਕਿਸੇ ਤੋਂ ਕੁਝ ਨਹੀਂ ਲੁਕੋਇਆ। ਸਾਡੇ ਪਰਿਵਾਰ ਦੀ ਟਰਾਂਸਪੋਰਟ ਕੰਪਨੀ ਉਸ ਸਮੇਂ ਤੋਂ ਕੰਮ ਕਰ ਰਹੀ ਹੈ, ਜਦੋਂ ਪੰਜਾਬ ਸਾਂਝਾ ਸੀ। ਸਾਡੀ ਟਰਾਂਸਪੋਰਟ 1944 ਤੋਂ ਸੂਬੇ ਦੇ ਟਰਾਂਸਪੋਰਟ ਵਿਭਾਗ ਦੇ ਕੋਲ ਰਜਿਸਟਰਡ ਹੈ। ਜਦੋਂ ਹਰਿਆਣਾ ਤੇ ਹਿਮਾਚਲ, ਪੰਜਾਬ ਦੇ ਨਾਲ ਸਨ, ਉਸ ਸਮੇਂ ਵੀ ਸਾਡੀ ਕੰਪਨੀ ਦਾ ਹੈੱਡ ਆਫਿਸ ਸਿਰਸਾ ਵਿਚ ਹੋਇਆ ਕਰਦਾ ਸੀ। ਜਦੋਂ ਹਰਿਆਣਾ ਅਲੱਗ ਹੋਇਆ ਤਾਂ ਉਥੇ ਟਰਾਂਸਪੋਰਟ ਸੈਕਟਰ ਨੂੰ ਨੈਸ਼ਨੇਲਾਈਜ਼ ਕਰ ਦਿੱਤਾ ਗਿਆ ਤੇ ਪ੍ਰਾਈਵੇਟ ਆਪ੍ਰੇਟਰਾਂ ਦੀਆਂ ਬੱਸਾਂ ਖੋਹ ਲਈਆਂ ਸਨ, ਉਸ ਵਿਚ ਸਾਡੀਆਂ ਬੱਸਾਂ ਵੀ ਸ਼ਾਮਲ ਸਨ।
. ਸਵਾਲ: ਕਿਹਾ ਜਾਂਦਾ ਹੈ ਕਿ ਤੁਹਾਨੂੰ ਵਿਰਾਸਤ ਵਿਚ ਬਹੁਤ ਘੱਟ ਜ਼ਮੀਨ ਮਿਲੀ ਸੀ ਪਰ ਤੁਸੀਂ ਮਹਿਲ ਖੜ੍ਹੇ ਕਰ ਲਏ?
ਜਵਾਬ: ਮੇਰੇ ਦਾਦਾ ਜੀ ਪੰਜ ਭਰਾ ਸਨ ਅਤੇ ਬਾਦਲ ਪਿੰਡ ਵਿਚ ਸਾਡਾ 2500 ਏਕੜ ਦਾ ਖੇਤ ਸੀ। ਇਸ ਤੋਂ ਇਲਾਵਾ ਵੀ ਤਿੰਨ ਹੋਰ ਪਿੰਡਾਂ ਵਿਚ ਸਾਡੀਆਂ ਜ਼ਮੀਨਾਂ ਸਨ। ਰਾਜਸਥਾਨ ਦੇ ਚੱਕ ਬਾਦਲ ਪਿੰਡ ‘ਚ ਵੀ ਸਾਡੇ ਪਰਿਵਾਰ ਦੀ 2500 ਏਕੜ ਜ਼ਮੀਨ ਸੀ। ਬਾਲਾਸਰ ਵਿਚ ਸਾਡੇ ਬੱਚਿਆਂ ਕੋਲ 2500 ਏਕੜ ਜ਼ਮੀਨ ਸੀ। ਉੱਤਰ ਪ੍ਰਦੇਸ਼ ਵਿਚ ਸਾਡੇ ਸਾਂਝੇ ਪਰਿਵਾਰ ਦਾ 1000 ਏਕੜ ਦਾ ਫਾਰਮ ਹਾਊਸ ਸੀ। ਇਹ ਸਾਰਾ ਰਿਕਾਰਡ ਅਧਿਕਾਰਿਤ ਤੌਰ ‘ਤੇ ਸਰਕਾਰ ਕੋਲ ਮੌਜੂਦ ਹੈ। ਕੈਪਟਨ ਅਮਰਿੰਦਰ ਸਿੰਘ ਨੇ 2002 ਤੋਂ 2007 ਦੇ ਆਪਣੇ ਕਾਰਜਕਾਲ ਦੌਰਾਨ ਸਾਡੇ ਖਿਲਾਫ ਭ੍ਰਿਸ਼ਟਾਚਾਰ ਨੂੰ ਸਾਬਿਤ ਕਰਨ ‘ਚ ਅੱਡੀ-ਚੋਟੀ ਦਾ ਜ਼ੋਰ ਲਾਇਆ ਤੇ ਸਾਡੇ ਬੱਚਿਆਂ ਦੇ ਕੱਪੜੇ ਤੱਕ ਗਿਣ ਲਏ ਪਰ ਇਕ ਵੀ ਗੱਲ ਸਾਬਿਤ ਨਹੀਂ ਹੋਈ। ਹੁਣ ਵੀ ਮੇਰੀ ਚੁਣੌਤੀ ਹੈ ਕਿ ਮੇਰੇ ਖਿਲਾਫ ਭ੍ਰਿਸ਼ਟਾਚਾਰ ਦਾ ਇਕ ਵੀ ਮਾਮਲਾ ਸਾਬਿਤ ਕਰਕੇ ਦਿਖਾਉਣ। ਪੀ. ਟੀ. ਸੀ. ਵਿਚ ਮੇਰਾ ਸ਼ੇਅਰ ਹੈ ਪਰ ਫਾਸਟ ਦੇ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ।

You must be logged in to post a comment Login