ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੁਤਾਬਕ ਕਰਮਚਾਰੀ ਦੀ ਮੌਤ ਤੋਂ ਬਾਅਦ ਹਮਦਰਦੀ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਦਾ ਹੱਕ ਉਸ ਦੀ ਪਤਨੀ ਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਕਰਮਚਾਰੀ ਦੀ ਮੌਤ ਤੋਂ ਬਾਅਦ ਹਮਦਰਦੀ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਵਾਲੀ ਉਸਦੀ ਪਤਨੀ ਵੱਲੋਂ ਪਰਿਵਾਰ ਦੀ ਦੇਖਰੇਖ ਨਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਰਮਚਾਰੀ ਦੇ ਭਰਾ ਵੱਲੋਂ ਨੌਕਰੀ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਪਟੀਸ਼ਨ ਨੂੰ ਮੰਦਭਾਗਾ ਦੱਸਦੇ ਹੋਏ ਪਟੀਸ਼ਨਰ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਪਟੀਸ਼ਨ ਦਾਇਰ ਕਰਦੇ ਹੋਏ ਜਲੰਧਰ ਵਾਸੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਸਰਕਾਰੀ ਮੁਲਾਜ਼ਮ ਹੋਣ ਕਾਰਨ ਉਸ ਦੀ ਪਤਨੀ ਨੇ ਹਮਦਰਦੀ ਦੇ ਆਧਾਰ ’ਤੇ ਨੌਕਰੀ ਲਈ ਅਰਜ਼ੀ ਦਿੱਤੀ ਅਤੇ ਉਸ ਨੂੰ ਨੌਕਰੀ ਵੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਉਸ ਨੂੰ 60 ਲੱਖ ਰੁਪਏ ਵੀ ਦਿੱਤੇ ਗਏ ਸਨ। ਪਟੀਸ਼ਨਕਰਤਾ ਨੇ ਕਿਹਾ ਕਿ ਰਕਮ ਮਿਲਣ ਤੋਂ ਬਾਅਦ ਉਸ ਦੇ ਭਰਾ ਦੀ ਪਤਨੀ ਆਪਣੇ ਪਤੀ ਦੇ ਮਾਤਾ- ਪਿਤਾ ਦੀ ਦੇਖਭਾਲ ਨਹੀਂ ਕਰ ਰਹੀ ਹੈ। ਅਜਿਹੀ ਸਥਿਤੀ ‘ਚ ਪਟੀਸ਼ਨਕਰਤਾ ਨੂੰ ਹਮਦਰਦੀ ਦੇ ਆਧਾਰ ‘ਤੇ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਮ੍ਰਿਤਕ ਕਰਮਚਾਰੀ ਦੇ ਮਾਤਾ-ਪਿਤਾ ਦੀ ਦੇਖਭਾਲ ਕੀਤੀ ਜਾ ਸਕੇ। ਹਾਈ ਕੋਰਟ ਨੇ ਕਿਹਾ ਕਿ ਨਿਰਧਾਰਿਤ ਵਿਵਸਥਾ ਦੇ ਤਹਿਤ ਹਮਦਰਦੀ ਦੇ ਆਧਾਰ ‘ਤੇ ਮ੍ਰਿਤਕ ਮਜ਼ਦੂਰ ਦੇ ਸਿਰਫ਼ ਇਕ ਆਸ਼ਰਿਤ ਨੂੰ ਨੌਕਰੀ ਦੇਣ ਦਾ ਪ੍ਰਾਵਧਾਨ ਹੈ ਅਤੇ ਇਸ ‘ਤੇ ਪਹਿਲਾ ਅਧਿਕਾਰ ਮ੍ਰਿਤਕ ਦੀ ਪਤਨੀ ਦਾ ਹੈ।
You must be logged in to post a comment Login