ਹਾਈ ਕੋਰਟ ਵੱਲੋਂ ਪੂਜਾ ਖੇਡਕਰ ਦੀ ਗ੍ਰਿਫ਼ਤਾਰੀ ’ਤੇ ਅੰਤਰਿਮ ਰੋਕ ਵਿਚ 5 ਸਤੰਬਰ ਤੱਕ ਵਾਧਾ

ਹਾਈ ਕੋਰਟ ਵੱਲੋਂ ਪੂਜਾ ਖੇਡਕਰ ਦੀ ਗ੍ਰਿਫ਼ਤਾਰੀ ’ਤੇ ਅੰਤਰਿਮ ਰੋਕ ਵਿਚ 5 ਸਤੰਬਰ ਤੱਕ ਵਾਧਾ

ਨਵੀਂ ਦਿੱਲੀ, 29 ਅਗਸਤ- ਦਿੱਲੀ ਹਾਈ ਕੋਰਟ ਨੇ ਸਾਬਕਾ ਆਈਏਐਸ ਪ੍ਰੋਬੇਸ਼ਨਰ ਪੂਜਾ ਖੇਡਕਰ ਦੀ ਗ੍ਰਿਫਤਾਰੀ ’ਤੇ ਅੰਤਰਿਮ ਰੋਕ ਵਧਾ ਦਿੱਤੀ ਹੈ, ਇਹ ਵਾਧਾ ਅਗਲੀ ਸੁਣਵਾਈ ਦੀ ਮਿਤੀ 5 ਸਤੰਬਰ ਤੱਕ ਲਾਗੂ ਰਹੇਗਾ। ਦਿੱਲੀ ਹਾਈ ਕੋਰਟ ਦੇ ਜਸਟਿਸ ਸੁਬਰਾਮੋਨੀਅਮ ਪ੍ਰਸਾਦ ਵੱਲੋਂ ਮੁਅੱਤਲ ਆਈਏਐਸ ਅਧਿਕਾਰੀ ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 5 ਸਤੰਬਰ ਤੱਕ ਟਾਲ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹ ਮੁਲਤਵੀ ਇਸ ਲਈ ਹੋਈ ਕਿਉਂਕਿ ਦਿੱਲੀ ਪੁਲੀਸ ਨੇ ਪੂਜਾ ਖੇਡਕਰ ਵੱਲੋਂ ਦਾਇਰ ਕੀਤੇ ਗਏ ਜਵਾਬ ਨੂੰ ਸੁਣਨ ਅਤੇ ਤਾਜ਼ਾ ਸਥਿਤੀ ਦੀ ਰਿਪੋਰਟ ਦਾਇਰ ਕਰਨ ਲਈ ਸਮਾਂ ਮੰਗਿਆ ਸੀ। ਧੋਖਾਧੜੀ, ਓਬੀਸੀ ਅਤੇ ਅਪੰਗਤਾ ਕੋਟੇ ਦੇ ਲਾਭਾਂ ਨੂੰ ਗਲਤ ਤਰੀਕੇ ਨਾਲ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਪੂਜਾ ਖੇਡਕਰ ਨੇ ਦਿੱਲੀ ਹਾਈ ਕੋਰਟ ਵਿੱਚ ਦਲੀਲ ਦਿੱਤੀ ਕਿ ਯੂਪੀਐਸਸੀ, ਜੋ ਸਿਵਲ ਸੇਵਾਵਾਂ ਪ੍ਰੀਖਿਆ ਦਾ ਸੰਚਾਲਨ ਕਰਦੀ ਹੈ, ਕੋਲ ਅਜਿਹੇ ਮਾਮਲਿਆਂ ਵਿੱਚ ਉਮੀਦਵਾਰਾਂ ਨੂੰ ਅਯੋਗ ਠਹਿਰਾਉਣ ਦਾ ਅਧਿਕਾਰ ਖੇਤਰ ਨਹੀਂ ਹੈ। ਇਸ ਤੋਂ ਪਹਿਲਾਂ, ਦਿੱਲੀ ਹਾਈ ਕੋਰਟ ਦੇ ਇਸੇ ਬੈਂਚ ਨੇ ਮੁਅੱਤਲ ਆਈਏਐਸ ਅਧਿਕਾਰੀ ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਦਿੱਲੀ ਪੁਲੀਸ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੂੰ ਨੋਟਿਸ ਜਾਰੀ ਕੀਤਾ ਸੀ। ਅਦਾਲਤ ਨੇ ਜਾਂਚ ਏਜੰਸੀ ਨੂੰ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਜਦੋਂ ਤੱਕ ਮਾਮਲਾ ਵਿਚਾਰ ਅਧੀਨ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ।

You must be logged in to post a comment Login