ਚੰਡੀਗੜ੍ਹ, 28 ਅਗਸਤ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅੱਜ ਰਾਵੀ ਤੇ ਬਿਆਸ ਦਰਿਆਵਾਂ ਦਾ ਪਾਣੀ ਕਈ ਕਿਲੋਮੀਟਰ ਤੱਕ ਅੰਦਰ ਦਾਖ਼ਲ ਹੋ ਗਿਆ ਹੈ ਅਤੇ ਪਾਣੀ ਦਾ ਪੱਧਰ ਵਧਣ ਨਾਲ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਬੇਸ਼ੱਕ ਅੱਜ ਮੀਂਹ ਪੈਣ ਤੋਂ ਬਚਾਅ ਰਿਹਾ ਹੈ ਪਰ ਰਾਵੀ ਤੇ ਬਿਆਸ ਦੇ ਪਾਣੀ ਨੇ ਸੈਂਕੜੇ ਪਿੰਡਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਨੇ ਅੱਜ ਮਾਧੋਪੁਰ ਹੈੱਡ ਵਰਕਸ ਦੇ ਤਿੰਨ ਫਲੱਡ ਗੇਟਾਂ ਨੂੰ ਉਖਾੜ ਦਿੱਤਾ। ਫਲੱਡ ਗੇਟ ਖੋਲ੍ਹਣ ਵਿੱਚ ਜੁਟੀ ਮਾਹਿਰਾਂ ਦੀ ਟੀਮ ’ਚੋਂ ਇੱਕ ਚਾਰਜਮੈਨ ਪਾਣੀ ਵਿੱਚ ਰੁੜ੍ਹ ਗਿਆ, ਜਿਸ ਦਾ ਹਾਲੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਹੈ। ਦੋ ਹੋਰ ਮੁਲਾਜ਼ਮਾਂ ਨੂੰ ਮੌਕੇ ’ਤੇ ਸਾਥੀ ਮੁਲਾਜ਼ਮ ਬਚਾਉਣ ’ਚ ਸਫਲ ਰਹੇ। ਇਸ ਮੌਕੇ ਕਰੀਬ 60 ਮੁਲਾਜ਼ਮ ਫਸ ਗਏ ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਉਸ ਵੇਲੇ ਰਾਵੀ ਦਰਿਆ ਵਿੱਚ 2.12 ਲੱਖ ਕਿਊਸਿਕ ਪਾਣੀ ਵਗ ਰਿਹਾ ਸੀ। ਕੱਲ੍ਹ ਸ਼ਾਮ ਸਮੇਂ ਰਾਵੀ ਵਿੱਚ ਪਾਣੀ ਦਾ ਪੱਧਰ 4.60 ਲੱਖ ਕਿਊਸਿਕ ਤੱਕ ਵਧ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਫਲੱਡ ਗੇਟ ਖੋਲ੍ਹਣ ਲਈ ਕਰੀਬ 90 ਮਾਹਿਰਾਂ ਦੀ ਟੀਮ ਸਮੁੱਚੇ ਪੰਜਾਬ ’ਚੋਂ ਸੱਦੀ ਗਈ ਸੀ। 150 ਸਾਲ ਪਹਿਲਾਂ ਬਣੇ ਮਾਧੋਪੁਰ ਹੈੱਡਵਰਕਸ ਦੇ ਗੇਟਾਂ ’ਤੇ ਰਾਵੀ ਵਿੱਚ ਵਧੇ ਪਾਣੀ ਕਾਰਨ ਅੱਠ-ਅੱਠ ਫੁੱਟ ਗਾਰ ਚੜ੍ਹ ਗਈ ਸੀ ਜਿਸ ਨੇ ਫਲੱਡ ਗੇਟਾਂ ਨੂੰ ਜਾਮ ਕਰ ਦਿੱਤਾ ਸੀ। ਭਾਰਤ ਦਾ ਰਾਵੀ ਦਰਿਆ ’ਤੇ ਆਖ਼ਰੀ ਮਾਧੋਪੁਰ ਹੈੱਡਵਰਕਸ ਹੈ ਜਿਸ ਦੇ 54 ਫਲੱਡ ਗੇਟਾਂ ’ਚੋਂ ਹੁਣ ਸਿਰਫ਼ ਕੁੱਝ ਗੇਟ ਹੀ ਬੰਦ ਰਹਿ ਗਏ ਹਨ। ਰਾਵੀ ਦਰਿਆ ਦਾ ਪਾਣੀ ਹੁਣ ਆਪ ਮੁਹਾਰੇ ਪਾਕਿਸਤਾਨ ਜਾ ਰਿਹਾ ਹੈ। ਮਾਧੋਪੁਰ ਹੈੱਡਵਰਕਸ ਦੇ ਆਸ-ਪਾਸ ਰਾਵੀ ਦਰਿਆ ਦਾ ਘੇਰਾ ਅੱਠ ਕਿਲੋਮੀਟਰ ਚੌੜਾ ਹੋ ਗਿਆ ਹੈ। ਰਣਜੀਤ ਸਾਗਰ ਡੈਮ ਵਿੱਚ ਪਹਾੜਾਂ ’ਚੋਂ ਕਰੀਬ ਇੱਕ ਲੱਖ ਕਿਊਸਿਕ ਪਾਣੀ ਆ ਰਿਹਾ ਹੈ। ਅੱਜ ਇਸ ਡੈਮ ’ਚੋਂ ਬਿਆਸ ਦਰਿਆ ਵਿੱਚ 2.15 ਲੱਖ ਕਿਊਸਿਕ ਪਾਣੀ ਅਤੇ ਸ਼ਾਮ ਸਮੇਂ 52,493 ਕਿਊਸਿਕ ਪਾਣੀ ਛੱਡਿਆ ਗਿਆ। ਤਿੰਨੋਂ ਡੈਮ ਇਸ ਵੇਲੇ ਖ਼ਤਰੇ ਦੇ ਨਿਸ਼ਾਨ ’ਤੇ ਹਨ। ਪੌਂਗ ਡੈਮ ’ਚੋਂ ਅੱਜ 94,845 ਕਿਊਸਿਕ ਪਾਣੀ ਅਤੇ ਭਾਖੜਾ ਡੈਮ ’ਚੋਂ 43,800 ਕਿਊਸਿਕ ਪਾਣੀ ਛੱਡਿਆ ਗਿਆ। ਮਿਲੇ ਵੇਰਵਿਆਂ ਅਨੁਸਾਰ ਹਰੀਕੇ ਵਿੱਚ ਅੱਜ 2.60 ਲੱਖ ਕਿਊਸਿਕ ਅਤੇ ਹੁਸੈਨੀਵਾਲਾ ਕੋਲ 2.58 ਲੱਖ ਕਿਊਸਿਕ ਪਾਣੀ ਵਗਿਆ। ਬਿਆਸ ਦਰਿਆ ’ਚ ਢਿਲਵਾਂ ਲਾਗੇ ਕਰੀਬ ਦੋ ਲੱਖ ਕਿਊਸਿਕ ਪਾਣੀ ਵਗ ਰਿਹਾ ਸੀ। ਅੱਜ ਸਰਹਿੰਦ ਫੀਡਰ ਵਿੱਚ ਪਾਣੀ ਦੇ ਤੇਜ਼ ਵਹਾਅ ਨਾਲ ਪਿੰਡ ਝਾਮਕੇ ਦਾ ਪੁਲ ਰੁੜ੍ਹ ਗਿਆ, ਜਿਸ ਮਗਰੋਂ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟ ਗਿਆ। ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਵੱਲੋਂ 30-31 ਅਗਸਤ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਪੁੱਜੇ, ਜਿੱਥੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਵੀ ਉਨ੍ਹਾਂ ਦੀ ਬਹਿਸ ਹੋ ਗਈ। ਕੈਬਨਿਟ ਵਜ਼ੀਰਾਂ ਤੋਂ ਇਲਾਵਾ ਅੱਜ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੀ ਰਾਹਤ ਕੰਮਾਂ ਵਿੱਚ ਜੁਟੇ ਰਹੇ। ‘ਆਪ’ ਨੇ ਹੜ੍ਹਾਂ ਦੇ ਮੱਦੇਨਜ਼ਰ ਆਪਣੇ ਬਾਕੀ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
You must be logged in to post a comment Login