ਹਿਮਾਂਸ਼ੀ ਖੁਰਾਣਾ ਨੇ 4 ਸਾਲਾਂ ਬਾਅਦ ‘ਬਿੱਗ ਬੌਸ’ ਬਾਰੇ ਕੀਤੇ ਵੱਡੇ ਖ਼ੁਲਾਸੇ

ਹਿਮਾਂਸ਼ੀ ਖੁਰਾਣਾ ਨੇ 4 ਸਾਲਾਂ ਬਾਅਦ ‘ਬਿੱਗ ਬੌਸ’ ਬਾਰੇ ਕੀਤੇ ਵੱਡੇ ਖ਼ੁਲਾਸੇ

ਮੁੰਬਈ  – ‘ਬਿੱਗ ਬੌਸ 17’ ਸ਼ੁਰੂ ਹੋਣ ’ਚ ਕੁਝ ਹੀ ਦਿਨ ਬਾਕੀ ਹਨ, ਜਿਸ ਕਾਰਨ ਸ਼ੋਅ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਪਰ ਅੱਜ ਵੀ ਪ੍ਰਸ਼ੰਸਕ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਸੀਜ਼ਨ 13 ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਇਸ ਦੌਰਾਨ ਸ਼ੋਅ ਦੀ ਮੁਕਾਬਲੇਬਾਜ਼ ਰਹਿ ਚੁੱਕੀ ਹਿਮਾਂਸ਼ੀ ਖੁਰਾਣਾ ਨੇ ਹੋਸਟ ਸਲਮਾਨ ਖ਼ਾਨ ’ਤੇ ਕੁਝ ਇਲਜ਼ਾਮ ਲਗਾਏ ਹਨ, ਜਿਸ ਕਾਰਨ ਉਹ ਸੁਰਖ਼ੀਆਂ ’ਚ ਆ ਗਈ ਹੈ। ਦਰਅਸਲ ਹਿਮਾਂਸ਼ੀ ਖੁਰਾਣਾ, ਜਿਸ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਸਫਲ ਅਦਾਕਾਰਾਂ ’ਚ ਹੁੰਦੀ ਹੈ, ਨੇ ਹਾਲ ਹੀ ’ਚ ‘ਬਿੱਗ ਬੌਸ 13’ ਤੋਂ ਬਾਅਦ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨ ਬਾਰੇ ਗੱਲ ਕੀਤੀ ਸੀ। ਇਕ ਪੌਡਕਾਸਟ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਕਿਹਾ, ‘‘ਮੈਂ ਹਾਲ ਹੀ ’ਚ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ’ਚੋਂ ਲੰਘੀ ਹਾਂ। ‘ਬਿੱਗ ਬੌਸ 13’ ਤੋਂ ਬਾਅਦ ਮੈਂ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਸੀ। ਮੇਰੇ ਕੋਲ ਜ਼ਿੰਦਗੀ ’ਚ ਸਭ ਕੁਝ ਸੀ ਪਰ ਫਿਰ ਵੀ ਕੁਝ ਗੁਆਚ ਰਿਹਾ ਸੀ ਤੇ ਮੈਂ ਕਿਸੇ ਚੀਜ਼ ਦਾ ਆਨੰਦ ਨਹੀਂ ਲੈ ਰਹੀ ਸੀ। ਮੈਨੂੰ ਲੱਗਾ ਕਿ ਕੁਝ ਗਲਤ ਹੈ ਤੇ ਮੈਂ ਆਪਣੀ ਟੀਮ ਨੂੰ ਦੱਸਾਂਗੀ ਕਿ ਮੈਂ ਜ਼ਿੰਦਗੀ ਦਾ ਆਨੰਦ ਨਹੀਂ ਲੈ ਰਹੀ। ਫਿਰ ਮੈਂ ਇਕ ਮਨੋਵਿਗਿਆਨੀ ਨਾਲ ਸਲਾਹ ਕੀਤੀ ਤੇ ਮੈਂ ਉਸ ਦੇ ਸਾਹਮਣੇ ਰੋਈ।’’ ਉਹ ਅੱਗੇ ਕਹਿੰਦੀ ਹੈ, ‘‘ਮੇਰੇ ’ਤੇ ਉਨ੍ਹਾਂ ਚੀਜ਼ਾਂ ਦਾ ਦੋਸ਼ ਲਗਾਇਆ ਗਿਆ ਸੀ, ਜੋ ਮੈਂ ਕਦੇ ਨਹੀਂ ਕੀਤੀਆਂ। ਮੈਂ ਚੀਜ਼ਾਂ ’ਤੇ ਚਰਚਾ ਨਹੀਂ ਕਰਨਾ ਚਾਹੁੰਦੀ ਕਿਉਂਕਿ ਫਿਰ ਮੇਰੇ ਬਾਰੇ ਹਮਦਰਦੀ ਲੈਣ ਬਾਰੇ ਚਰਚਾ ਹੋਵੇਗੀ ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ ਹੈ। ਭਾਵੇਂ ਇਹ ਮੇਰਾ ਰਿਸ਼ਤਾ ਹੋਵੇ, ਬਿੱਗ ਬੌਸ ’ਚ ਮੇਰੀ ਐਂਟਰੀ ਹੋਵੇ ਜਾਂ ਕੁਝ ਹੋਰ, ਮੇਰੇ ਕੋਲ ਆਪਣਾ ਪੱਖ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਹੈ। ਸਾਰੇ ਪਲਾਂ ਨੂੰ ਸੰਪਾਦਿਤ ਕੀਤਾ ਗਿਆ ਸੀ। ਉਸ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕੀਤਾ ਗਿਆ। ਇਸ ਨਾਲ ਪੂਰੇ ਵਿਸ਼ੇ ਦਾ ਅਰਥ ਹੀ ਬਦਲ ਗਿਆ। ਮੇਰੇ ’ਤੇ ਉਨ੍ਹਾਂ ਚੀਜ਼ਾਂ ਦਾ ਦੋਸ਼ ਲਗਾਇਆ ਗਿਆ ਸੀ, ਜੋ ਮੈਂ ਕਦੇ ਨਹੀਂ ਕੀਤੀਆਂ।’’ਬਿੱਗ ਬੌਸ ਬਾਰੇ ਅੱਗੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, ‘‘ਜਦੋਂ ਮੈਂ ਬਿੱਗ ਬੌਸ ’ਚ ਦਾਖ਼ਲ ਹੋਈ ਤਾਂ ਬਹੁਤ ਸਾਰੇ ਲੋਕ ਮੇਰੇ ਕੋਲ ਆਏ ਤੇ ਮੈਨੂੰ ਕਿਹਾ ਕਿ ਮੈਂ ਇਕ ਵੈਂਪ ਵਰਗੀ ਲੱਗਦੀ ਹਾਂ। ਮੈਂ ਬਹੁਤ ਸਾਧਾਰਨ ਸੀ ਤੇ ਸਾਰਿਆਂ ਨਾਲ ਮੇਲ ਖਾਂਦੀ ਸੀ। ਮੇਰਾ ਤੇ ਮੇਰੇ ਲਹਿਜ਼ੇ ਦਾ ਮਜ਼ਾਕ ਉਡਾਇਆ ਜਾਂਦਾ ਸੀ ਕਿਉਂਕਿ ਮੈਂ ਹਰ ਕਿਸੇ ਨਾਲ ‘ਜੀ’ ਕਹਿ ਕੇ ਗੱਲ ਕਰਦੀ ਸੀ। ਉਹ ਨਹੀਂ ਸਮਝਦੇ ਸਨ ਕਿ ਮੈਂ ਉਨ੍ਹਾਂ ਦੀ ਇੱਜ਼ਤ ਕਰ ਰਹੀ ਹਾਂ।’’

You must be logged in to post a comment Login