ਮੰਡੀ, 1 ਜੁਲਾਈ : ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਰਾਤ ਤੋਂ ਜਾਰੀ ਭਾਰੀ ਮੀਂਹ, ਹੜ੍ਹਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਰਕੇ ਮੰਡੀ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ। ਇਕ ਵਿਅਕਤੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਜਦੋਂਕਿ 18 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਐੱਸਡੀਆਰਐੱਫ ਦੀਆਂ ਟੀਮਾਂ ਨੇ ਵੱਖ ਵੱਖ ਐਮਰਜੈਂਸੀ ਅਪਰੇਸ਼ਨਾਂ ਵਿਚ 41 ਵਿਅਕਤੀਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੇੜੇ ਪਹੁੰਚ ਗਿਆ ਹੈ। ਕੈਚਮੈਂਟ ਏਰੀਏ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਇਹਤਿਆਤ ਵਜੋਂ ਪੰਡੋਹ ਡੈਮ ਦੇ ਗੇਟ ਖੋਲ੍ਹ ਦਿੱਤੇ ਗਈ ਹੈ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਤੇ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਨਦੀ ਨਾਲਿਆਂ ਦੇ ਕੰਢਿਆਂ ’ਤੇ ਨਾ ਜਾਣ ਦੀ ਅਪੀਲ ਕੀਤੀ ਹੈ।
ਕਰਸੋਗ ਵਿਚ ਬੱਦਲ ਫਟਿਆ; ਇਕ ਦੀ ਮੌਤ, ਕਈਆਂ ਨੂੰ ਬਚਾਇਆ
ਕਰਸੋਗ ਸਬ-ਡਿਵੀਜ਼ਨ ਵਿੱਚ ਬੱਦਲ ਫਟਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 16 ਹੋਰਾਂ ਨੂੰ ਬਚਾਇਆ ਗਿਆ। ਇਨ੍ਹਾਂ ਵਿੱਚ 12 ਬੱਚੇ ਅਤੇ 4 ਮਹਿਲਾਵਾਂ ਸ਼ਾਮਲ ਹਨ। ਰਿੱਕੀ ਪਿੰਡ ਦੇ ਸੱਤ ਜੀਆਂ ਦੇ ਇੱਕ ਪਰਿਵਾਰ ਨੂੰ ਬਾਹਰ ਕੱਢ ਕੇ ਸੁਰੱਖਿਅਤ ਟਿਕਾਣੇ ’ਤੇ ਭੇਜਿਆ ਗਿਆ ਹੈ। ਇਲਾਕੇ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਸੇਰਾਜ ਅਤੇ ਧਰਮਪੁਰ ਖੇਤਰਾਂ ਵਿੱਚ ਨੁਕਸਾਨ
ਸੇਰਾਜ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਸਿਆਂਜ ਪਿੰਡ ਵਿਚ ਬਿਆਸ ਦੀ ਸਹਾਇਕ ਨਦੀ Jayuni ਖੱਡ ਵਿੱਚ ਪਾਣੀ ਦਾ ਪੱਧਰ ਵਧਣ ਮਗਰੋਂ ਘੱਟੋ-ਘੱਟ ਦੋ ਘਰ ਰੁੜ੍ਹ ਗਏ, ਜਿਸ ਵਿਚ 9 ਵਿਅਕਤੀ ਵਹਿ ਗਏ। ਇਸੇ ਤਰ੍ਹਾਂ, ਧਰਮਪੁਰ ਉਪ-ਮੰਡਲ ਵਿੱਚ, ਸਯਾਥੀ ਪਿੰਡ ਵਿੱਚ ਕਈ ਘਰਾਂ ਅਤੇ ਗਊਸ਼ਾਲਾਵਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਮਨੁੱਖੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
ਪੰਡੋਹ ਬਾਜ਼ਾਰ ’ਚੋਂ ਲੋਕਾਂ ਨੂੰ ਕੱਢਿਆ
ਵਾਧੂ ਪਾਣੀ ਛੱਡੇ ਜਾਣ ਕਰਕੇ ਬਿਆਸ ਦਰਿਆ ਦਾ ਵਹਾਅ ਵਧਣ ਕਰਕੇ ਪੰਡੋਹ ਬਾਜ਼ਾਰ ਨੂੰ ਅੱਧੀ ਰਾਤ ਦੇ ਕਰੀਬ ਖਾਲੀ ਕਰਵਾ ਲਿਆ ਗਿਆ। ਖੁਸ਼ਕਿਸਮਤੀ ਨਾਲ, ਇਲਾਕੇ ਵਿੱਚੋਂ ਕਿਸੇ ਵੀ ਜਾਨੀ ਨੁਕਸਾਨ ਜਾਂ ਵਿਅਕਤੀ ਦੇ ਫਸਣ ਦੀ ਖ਼ਬਰ ਨਹੀਂ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਮੌਕੇ ’ਤੇ ਮੌਜੂਦ ਹੈ ਅਤੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।
You must be logged in to post a comment Login