ਹੁਣ ਕਿਸਾਨ ਅੰਦੋਲਨ ਦੌਰਾਨ ਬਣੇ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ ਹਟਾਏ

ਹੁਣ ਕਿਸਾਨ ਅੰਦੋਲਨ ਦੌਰਾਨ ਬਣੇ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ ਹਟਾਏ

ਮਾਨਸਾ, 27 ਜੂਨ- ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਪਿੱਛੋਂ ਹੁਣ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਅੰਦੋਲਨ ਦੌਰਾਨ ਬਣੇ ਟਵਿੱਟਰ ਅਕਾਊਂਟ ਖਿਲਾਫ ਧਾਵਾ ਬੋਲਿਆ ਗਿਆ ਹੈ। ਭਾਰਤੀ ਕਾਨੂੰਨ ਅਨੁਸਾਰ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ ਨੂੰ ਹਟਾ ਦਿੱਤਾ ਗਿਆ ਹੈ। ਇਹ ਦੋਵੇਂ ਅਕਾਊਂਟ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਬਣੇ ਸਨ। ਇਨ੍ਹਾਂ ਅਕਾਊਂਟਾਂ ਰਾਹੀਂ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਦੀਆਂ ਸਰਗਰਮੀਆਂ ਦੀ ਜਾਣਕਾਰੀ ਡਿਜੀਟਲ ਪਲੇਟਫਾਰਮ ਉਤੇ ਸਾਂਝੀ ਕੀਤੀ ਜਾਂਦੀ ਸੀ। ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਊਂਟ ਦੇ ਪੰਜ ਲੱਖ ਫਾਲੋਅਰਜ਼ ਹਨ ਅਤੇ ਟਰੈਕਟਰ ਟੂ ਟਵਿੱਟਰ ਦੇ 55 ਹਜ਼ਾਰ ਫਾਲੋਅਰਜ਼ ਹਨ। ਇਨ੍ਹਾਂ ਰਾਹੀਂ ਕਿਸਾਨਾਂ ਨੂੰ ਬਦਨਾਮ ਕਰਨ ਵਾਲੀਆਂ ਪੋਸਟਾਂ ਦਾ ਜਵਾਬ ਦਿੱਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਦੱਸਿਆ ਜਾਂਦਾ ਹੈ। ਇਨ੍ਹਾਂ ਰਾਹੀਂ ਹੀ ਖ਼ੇਤੀ ਕਾਨੂੰਨਾਂ ਦੇ ਵਿਰੁੱਧ ਟਰੈੱਡ ਕੀਤਾ ਜਾਂਦਾ ਸੀ। ਇਸੇ ਦੌਰਾਨ ਹੀ ਟਰਾਲੀ ਟਾਈਮਜ਼ ਦੇ ਸਹਿ-ਸੰਸਥਾਪਕ ਅਜੈਪਾਲ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਇਸ਼ਾਰੇ ’ਤੇ ਕਿਸਾਨ ਏਕਤਾ ਮੋਰਚਾ, ਟਰੈਕਟਰ ਟੂ ਟਵਿੱਟਰ ਅਤੇ ਹੋਰ ਅਜਿਹੇ ਕਈ ਟਵਿੱਟਰ ਅਕਾਊਂਟਸ, ਜੋ ਸਰਕਾਰ ਨੂੰ ਸਵਾਲ ਪਾਉਂਦੇ ਸਨ ਅਤੇ ਲੋਕਾਂ ਦੀ ਆਵਾਜ਼ ਚੁੱਕਦੇ ਹਨ, ਨੂੰ ਹਟਾ ਦਿੱਤਾ ਗਿਆ ਹੈ, ਜੋ ਬੁਜ਼ਦਿਲਾਨਾ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹਾ ਲੋਕਤੰਤਰ ਹੈ, ਜਿੱਥੇ ਬੋਲਣ ਦੇ ਬੁਨਿਆਦੀ ਹੱਕ ’ਤੇ ਵੀ ਇੰਨਾ ਸਖ਼ਤ ਪਹਿਰਾ ਹੈ? ਸਰਕਾਰੀ ਏਜੰਸੀਆਂ ਘਟੀਆ ਲੈਵਲ ਦੀ ਮਾਈਕਰੋ ਮੈਨੇਜਮੈਂਟ ਤੱਕ ਉਤਰ ਆਈਆਂ ਹਨ। ਉਨ੍ਹਾਂ ਕਿਹਾ ਕਿ ‘ਕਸ਼ਮੀਰ ਫਾਈਲਜ਼’ ਵਰਗੀਆਂ ਫ਼ਿਲਮਾਂ ਨੂੰ ਤਾਂ ਟੈਕਸ ਫ੍ਰੀ ਕੀਤਾ ਜਾਂਦਾ ਹੈ, ਉਥੇ ਹੀ ਮਰਹੂਮ ਗਾਇਕ ਦੇ ਐੱਸਵਾਈਐੱਲ ਗੀਤ ਨੂੰ, ਜੋ ਇਕ ਸੂਬੇ ਦੇ ਪਾਣੀ ਦੇ ਕਾਨੂੰਨੀ ਹੱਕਾਂ ਦੀ ਬਾਤ ਪਾਉਂਦਾ ਹੈ, ਨੂੰ ਹਟਾ ਦਿੱਤਾ ਗਿਆ ਹੈ।

You must be logged in to post a comment Login