ਹੁਣ ਪੰਜਾਬੀਆਂ ਲਈ ਹਿਮਾਚਲ ਜਾਣਾ ਹੋਇਆ ਮਹਿੰਗਾ

ਨੰਗਲ, 19 ਫਰਵਰੀ (ਪ.ਪ.)- ਪੰਜਾਬ ਤੋਂ ਹਿਮਾਚਲ ਪ੍ਰਦੇਸ਼ ’ਚ ਦਾਖਲਾ ਫੀਸ ਮੁੜ ਵਿਵਾਦਾਂ ਵਿੱਚ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੇ ਦਾਖਲੇ ’ਤੇ ਭਾਰੀ ਵਾਧਾ ਕੀਤਾ ਹੈ। ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ‘ਇਲਾਕਾ ਬਚਾਓ ਸੰਘਰਸ਼ ਮੋਰਚਾ’ ਨੇ ਇਸ ਦਾ ਵਿਰੋਧ ਕਰਦਿਆਂ ਕੋਈ ਵੱਡਾ ਫੈ਼ਸਲਾ ਕਰਨ ਦਾ ਐਲਾਨ ਕੀਤਾ ਹੈ। ਹਿਮਾਚਲ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਹੁਣ ਰਾਜ ਵਿੱਚ ਦਾਖਲ ਹੋਣ ਵਾਲੀ ਪੰਜ ਸੀਟਰ ਕਾਰ 130 ਰੁਪਏ, ਇਨੋਵਾ, ਜੀਪ, ਥਾਰ ਅਤੇ ਵੈਨ 170, ਮਿੰਨੀ ਬੱਸ, ਟੈਂਪੂ ਤੇ ਹੋਰ ਵਾਹਨ 320, ਬੱਸ, ਟਰੱਕ 570, ਵੱਧ ਭਾਰ ਢੋਹਣ ਵਾਲੇ ਟਰੱਕ, ਟਿੱਪਰ ਤੇ ਹੈਵੀ ਟਰਾਲੇ ਕ੍ਰਮਵਾਰ 600, 800 ਅਤੇ 900 ਰੁਪਏ ਐਂਟਰੀ ਫੀਸ ਦੇਣਗੇ। ਨੰਗਲ ਅਤੇ ਆਸ ਪਾਸ ਦੇ ਪਿੰਡ, ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚ ਹਨ, ਨੂੰ ਵੱਧ ਪ੍ਰੇਸ਼ਾਨੀ ਝਲਣੀ ਪਵੇਗੀ। ਉਨ੍ਹਾਂ ਨੂੰ ਰਿਸ਼ਤੇਦਾਰੀ ਵਿੱਚ ਜਾਣ ਲਈ ਵਾਹਨ ਦੇ ਦੁੱਗਣੇ ਪੈਸੇ ਦੇਣੇ ਪੈਣਗੇ।

You must be logged in to post a comment Login