ਹੁਣ ਬ੍ਰਹਮਪੁਰਾ ਦੇ ਨਿਸ਼ਾਨੇ ‘ਤੇ ਵੱਡੇ ਬਾਦਲ

ਹੁਣ ਬ੍ਰਹਮਪੁਰਾ ਦੇ ਨਿਸ਼ਾਨੇ ‘ਤੇ ਵੱਡੇ ਬਾਦਲ

ਅੰਮ੍ਰਿਤਸਰ : ਸੁਖਬੀਰ ਅਤੇ ਮਜੀਠੀਆ ਖਿਲਾਫ ਝੰਡਾ ਚੁੱਕਣ ਵਾਲੇ ਅਤੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ਕਤੀ ਪ੍ਰਦਰਸ਼ਨ ਕਰਨ ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਬਿਆਨ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਬਰਗਾੜੀ ਮਾਮਲੇ ‘ਤੇ ਲੋਕਾਂ ਨੂੰ ਧੋਖੇ ਵਿਚ ਰੱਖ ਰਹੇ ਹਨ। ਬਾਦਲ ਵਲੋਂ ਵਾਰ-ਵਾਰ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਬਰਗਾੜੀ ਮੋਰਚੇ ‘ਤੇ ਦਿੱਤੇ ਜਾਂਦੇ ਬਿਆਨ ‘ਤੇ ਬੋਲਦੇ ਹੋਏ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਵਲੋਂ ਦਿੱਤਾ ਜਾਂਦਾ ਇਹ ਬਿਆਨ ਬੇਤੁਕਾ ਹੈ, ਬ੍ਰਹਮਪੁਰਾ ਨੇ ਕਿਹਾ ਕਿ ਉਹ ਬਾਦਲ ਤੋਂ ਪੁੱਛਣਾ ਚਾਹੁੰਦੇ ਹਨ ਕਿ ਜੇਕਰ ਬਾਦਲ ਕੋਲ ਇਸ ਸੰਬੰਧੀ ਕੋਈ ਸਬੂਤ ਹੈ ਤਾਂ ਇਹ ਲੋਕਾਂ ਸਾਹਮਣੇ ਪੇਸ਼ ਕਿਉਂ ਨਹੀਂ ਕਰਦੇ। ਇਹ ਪਹਿਲਾ ਮੌਕਾ ਹੈ ਜਦੋਂ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੋਂ ਹੱਟ ਕੇ ਸਿੱਧੇ ਤੌਰ ‘ਤੇ ਪ੍ਰਕਾਸ਼ ਸਿੰਘ ਬਾਦਲ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ‘ਤੇ ਬ੍ਰਹਮਪੁਰਾ ਦੀ ਸੁਰ ਨਰਮ ਸੀ। ਬ੍ਰਹਮਪੁਰਾ ਵਲੋਂ ਪ੍ਰਕਾਸ਼ ਸਿੰਘ ਬਾਦਲ ‘ਤੇ ਆਏ ਇਸ ਬਿਆਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਟਕਸਾਲੀਆਂ ਦੇ ਮਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਪ੍ਰਤੀ ਬਾਦਲ ਪਰਿਵਾਰ ਖਿਲਾਫ ਕਿਸ ਕਦਰ ਗੁੱਸਿਆ ਹੈ। ਇਸ ਤੋਂ ਪਹਿਲਾਂ ਵੀ ਬ੍ਰਹਮਪੁਰਾ ਮਾਝੇ ਦੇ ਟਕਸਾਲੀ ਲੀਡਰਾਂ ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨਾਲ ਪ੍ਰੈੱਸ ਕਾਨਫਰੰਸ ਕਰਕੇ ਬਾਦਲ ਪਰਿਵਾਰ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰ ਚੁੱਕੇ ਹਨ।

You must be logged in to post a comment Login