ਹੈਦਰਪੋਰਾ ਮੁਕਾਬਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ

ਸ੍ਰੀਨਗਰ, 19 ਨਵੰਬਰ : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇੱਥੇ ਹੈਦਰਪੋਰਾ ਮੁਕਾਬਲੇ ਦੀ ਅੱਜ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ’ਚ ਪੁਲੀਸ ਨੇ ਦੋ ਅਤਿਵਾਦੀਆਂ ਤੇ ਉਨ੍ਹਾਂ ਦੇ ਦੋ ਸਾਥੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਸਿਆਸੀ ਪਾਰਟੀਆਂ ਅਤੇ ਲੋਕਾਂ ਦੇ ਦਬਾਅ ਮਗਰੋਂ ਪੁਲੀਸ ਪ੍ਰਸ਼ਾਸਨ ਨੇ ਸ਼ੱਕੀ ਹਾਲਾਤ ’ਚ ਮਾਰੇ ਗਏ ਦੋਵੇਂ ਵਿਅਕਤੀਆਂ ਦੀਆਂ ਲਾਸ਼ਾਂ ਅੱਜ ਕਬਰ ’ਚੋਂ ਕੱਢ ਕੇ ਪਰਿਵਾਰਾਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉੱਪ ਰਾਜਪਾਲ ਮਨੋਜ ਸਿਨਹਾ ਨੇ ਟਵੀਟ ਕੀਤਾ, ‘ਹੈਦਰਪੋਰਾ ਮੁਕਾਬਲੇ ਦੀ ਏਡੀਐੱਮ ਪੱਧਰ ਦੇ ਅਧਿਕਾਰੀ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਿਵੇਂ ਹੀ ਸਮਾਂਬੱਧ ਢੰਗ ਨਾਲ ਰਿਪੋਰਟ ਸੌਂਪੀ ਜਾਵੇਗੀ ਤਾਂ ਸਰਕਾਰ ਢੁੱਕਵੀਂ ਕਾਰਵਾਈ ਕਰੇਗੀ। ਜੰਮੂ ਕਸ਼ਮੀਰ ਪ੍ਰਸ਼ਾਸਨ ਬੇਕਸੂਰ ਨਾਗਰਿਕਾਂ ਦੀ ਜਾਨ ਦੀ ਰਾਖੀ ਕਰਨ ਲਈ ਪ੍ਰਤੀਬੱਧਤਾ ਦੁਹਰਾਉਂਦਾ ਹੈ ਤੇ ਉਹ ਯਕੀਨੀ ਬਣਾਏਗਾ ਕਿ ਕੋਈ ਅਨਿਆਂ ਨਾ ਹੋਵੇ।’ ਲੰਘੇ ਸੋਮਵਾਰ ਨੂੰ ਮੁਕਾਬਲੇ ’ਚ ਮਾਰੇ ਗਏ ਚਾਰ ਲੋਕਾਂ ’ਚੋਂ ਤਿੰਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਵਿਚਾਲੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਮੁਹੰਮਦ ਅਲਤਾਫ ਭੱਟ (ਮਕਾਨ ਮਾਲਕ), ਮੁਦਾਸਿਰ ਗੁਲ (ਕਿਰਾਏਦਾਰ) ਤੇ ਆਮਿਰ ਮਗਰੇ (ਗੁਲ ਨਾਲ ਕੰਮ ਕਰਨ ਵਾਲਾ ਲੜਕਾ) ਦੇ ਪਰਿਵਾਰ ਮੁਜ਼ਾਹਰਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਲਾਸ਼ਾਂ ਅੰਤਿਮ ਸਸਕਾਰ ਲਈ ਉਨ੍ਹਾਂ ਨੂੰ ਸੌਂਪੀਆਂ ਜਾਣ। ਮੁਕਾਬਲੇ ’ਚ ਮਾਰੇ ਗਏ ਚਾਰ ਜਣਿਆਂ ਦੀਆਂ ਲਾਸ਼ਾਂ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ’ਚ ਦਫ਼ਨਾਈਆਂ ਗਈਆਂ ਹਨ। ਮ੍ਰਿਤਕ ਅਲਤਾਫ ਭੱਟ ਦੇ ਪਰਿਵਾਰ ਨੇ ਜਾਂਚ ਦੇ ਹੁਕਮ ਦਿੱਤੇ ਜਾਣ ਲਈ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦਾ ਧੰਨਵਾਦ ਕੀਤਾ ਹੈ। ਉਸਦੇ ਭਰਾ ਨੇ ਮੰਗ ਕੀਤੀ ਕਤਲ ਕਰਨ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

You must be logged in to post a comment Login