ਸਿਡਨੀ – ਆਸਟ੍ਰੇਲੀਆ ‘ਚ ਜੰਗਲੀ ਅੱਗ ਕਾਰਨ ਕਾਫੀ ਬਰਬਾਦੀ ਹੋਈ ਹੈ ਤੇ ਹਰ ਪਾਸੇ ਧੂੰਆਂ ਭਰ ਗਿਆ ਹੈ। ਹੁਣ ਇਹ ਧੂੰਆਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਵਿਦੇਸ਼ਾਂ ‘ਚ ਜਾ ਰਿਹਾ ਹੈ। ਬੀਤੇ ਦਿਨ ਆਸਟ੍ਰੇਲੀਆਈ ਅੱਗ ਕਾਰਨ ਨਿਊਜ਼ੀਲੈਂਡ ਦਾ ਅੰਬਰ ਲਾਲ ਹੋ ਗਿਆ ਸੀ ਤੇ ਹੁਣ ਇਸ ਦਾ ਧੂੰਆਂ ਚਿਲੀ ਤਕ ਪੁੱਜ ਗਿਆ ਹੈ। ਲਗਭਗ 11,000 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਹ ਧੂੰਆਂ ਇੱਥੇ ਪੁੱਜਾ ਹੈ ਤੇ ਸੈਂਟਰਲ ਚਿਲੀ ‘ਚ ਇਸ ਦਾ ਸਭ ਤੋਂ ਵਧ ਅਸਰ ਦਿਖਾਈ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ਤਕ ਇਹ ਅਰਜਨਟੀਨਾ ਵੱਲ ਵੀ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਚਿਲੀ ‘ਚ ਧੂੰਏਂ ਕਾਰਨ ਲੋਕਾਂ ਨੂੰ ਵਧੇਰੇ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਇੱਥੇ ਮੀਂਹ ਪੈਣ ‘ਤੇ ਅੰਬਰ ਸਾਫ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਜੰਗਲੀ ਅੱਗ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ ਤੇ ਗਰਮੀ ਵਧੇਰੇ ਹੋਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਹੋਰ ਵੀ ਵਧ ਗਈ ਹੈ। ਦੇਸ਼-ਵਿਦੇਸ਼ ‘ਚ ਬੈਠੇ ਲੋਕ ਆਸਟ੍ਰੇਲੀਆ ਲਈ ਦੁਆਵਾਂ ਮੰਗ ਰਹੇ ਹਨ। ਅੱਗ ਕਾਰਨ 24 ਲੋਕਾਂ ਤੇ ਕਰੋੜਾਂ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। 1500 ਤੋਂ ਵਧੇਰੇ ਘਰ ਸੜ ਕੇ ਸਵਾਹ ਹੋ ਚੁੱਕੇ ਹਨ।

You must be logged in to post a comment Login