ਚੰਡੀਗੜ੍ਹ, 11 ਸਤੰਬਰ :ਪੰਜਾਬ ’ਚ ਹੜ੍ਹਾਂ ਦੇ ਪਾਣੀ ’ਚ ਮਰੇ ਪਸ਼ੂ ਹੁਣ ਨਵੀਂ ਚੁਣੌਤੀ ਬਣਦੇ ਜਾ ਰਹੇ ਹਨ। ਹੁਣ ਜਦੋਂ ਹੜ੍ਹਾਂ ਦਾ ਪਾਣੀ ਘਟਿਆ ਹੈ ਤਾਂ ਮਰੇ ਪਸ਼ੂ ਸਾਹਮਣੇ ਆਉਣ ਲੱਗ ਪਏ ਹਨ। ਹਾਲਾਂਕਿ ਰਾਵੀ ਦੇ ਪਾਣੀ ਦੇ ਤੇਜ਼ ਵਹਾਅ ’ਚ ਸੈਂਕੜੇ ਪਸ਼ੂ ਪਾਣੀ ’ਚ ਰੁੜ੍ਹ ਕੇ ਪਾਕਿਸਤਾਨ ਵੱਲ ਚਲੇ ਗਏ ਹਨ। ਪਠਾਨਕੋਟ ਅਤੇ ਅੰਮ੍ਰਿਤਸਰ ’ਚ ਪਸ਼ੂ ਧਨ ਦਾ ਵੱਡਾ ਨੁਕਸਾਨ ਹੋਇਆ ਹੈ। ਰੁੜ੍ਹ ਕੇ ਗਏ ਪਸ਼ੂਆਂ ਦਾ ਕੋਈ ਅੰਕੜਾ ਸਾਹਮਣੇ ਨਹੀਂ ਆਇਆ ਹੈ। ਹੁਣ ਚੁਣੌਤੀ ਇਹ ਹੈ ਕਿ ਮਰੇ ਪਸ਼ੂਆਂ ਦਾ ਨਿਪਟਾਰਾ ਕਿਵੇਂ ਕੀਤਾ ਜਾਵੇ। ਅਜਨਾਲਾ ਦੇ ਕਈ ਪਿੰਡਾਂ ’ਚ ਪਸ਼ੂ ਪਾਣੀ ’ਚ ਵੀ ਰਹਿ ਗਏ ਸਨ। ਕਈ ਪਿੰਡਾਂ ’ਚ ਲੋਕਾਂ ਨੇ ਪਸ਼ੂ ਛੱਤਾਂ ’ਤੇ ਵੀ ਬੰਨ੍ਹ ਲਏ ਸਨ।ਸੂਬੇ ’ਚ ਹੜ੍ਹਾਂ ਦੌਰਾਨ ਕਰੀਬ 3.60 ਲੱਖ ਪਸ਼ੂ ਪ੍ਰਭਾਵਿਤ ਹੋਏ ਹਨ। ਹੁਣ ਜਦੋਂ ਪਾਣੀ ਦਾ ਵਹਾਅ ਘਟਿਆ ਹੈ ਤਾਂ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ’ਚ ਮਰੇ ਪਸ਼ੂ ਦਿਸਣ ਲੱਗ ਪਏ ਹਨ। ਇਹ ਮੁਸ਼ਕਲ ਸਮਝੀ ਜਾ ਰਹੀ ਹੈ ਕਿ ਬਿਮਾਰੀਆਂ ਦੇ ਫੈਲਣ ਤੋਂ ਬਚਾਅ ਲਈ ਮਰੇ ਹੋਏ ਪਸ਼ੂਆਂ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਿਵੇਂ ਕੀਤਾ ਜਾਵੇ। ਹਾਲਾਂਕਿ ਪਿੰਡਾਂ ਵਿੱਚ ਹੱਡਾ ਰੋੜੀਆਂ ਵੀ ਹਨ ਪ੍ਰੰਤੂ ਇਨ੍ਹਾਂ ’ਚ ਪਾਣੀ ਖੜ੍ਹਾ ਹੋਣ ਕਰਕੇ ਪਸ਼ੂਆਂ ਨੂੰ ਧਰਤੀ ’ਚ ਦਬਾਉਣ ’ਚ ਵੀ ਮੁਸ਼ਕਲ ਹੈ।ਪਸ਼ੂ ਪਾਲਣ ਮਹਿਕਮੇ ਵੱਲੋਂ ਹੜ੍ਹ ਪ੍ਰਭਾਵਿਤ ਬਲਾਕਾਂ ’ਚ ਪ੍ਰਤੀ ਬਲਾਕ ਮਰੇ ਪਸ਼ੂਆਂ ਦੇ ਨਿਪਟਾਰੇ ਲਈ ਖ਼ੁਦਾਈ ਕਰਨ ਵਾਲੇ ਚਾਰ-ਚਾਰ ਵਿਅਕਤੀ ਲਗਾਏ ਗਏ ਹਨ। ਜਾਣਕਾਰੀ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਰਗ਼ੀਆਂ ਵੀ ਮਰੀਆਂ ਹਨ। ਜ਼ਿਲ੍ਹਾ ਮੁਕਤਸਰ ’ਚ ਤਾਂ ਬੱਕਰੀਆਂ ਵੀ ਮਰੀਆਂ ਹਨ। ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਸੂਬੇ ’ਚ ਹੁਣ ਤੱਕ 540 ਪਸ਼ੂਆਂ ਅਤੇ 34 ਹਜ਼ਾਰ ਪੋਲਟਰੀ ਨੂੰ ਦੱਬਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਰਾਵੀ ਪਾਰ ਦੇ ਖੇਤਰ ’ਚ ਕੁੱਝ ਮਰੇ ਹੋਏ ਪਸ਼ੂ ਪਏ ਹਨ ਅਤੇ ਹੜ੍ਹਾਂ ਦਾ ਪਾਣੀ ਘਟਣ ਤੇ ਜੋ ਹੋਰ ਜਾਨਵਰ ਸਾਹਮਣੇ ਆਉਣਗੇ, ਉਨ੍ਹਾਂ ਨੂੰ ਛੱਡ ਕੇ ਬਾਕੀ ਪਸ਼ੂਆਂ ਦਾ ਜਲਦੀ ਨਿਪਟਾਰਾ ਹੋ ਜਾਵੇਗਾ। ਡਿਪਟੀ ਕਮਿਸ਼ਨਰ ਦਫ਼ਤਰ ਦੀ ਰਿਪੋਰਟ ਅਨੁਸਾਰ ਪਠਾਨਕੋਟ ’ਚ ਹੁਣ ਤੱਕ 54 ਗਊਆਂ ਅਤੇ 66 ਮੱਝਾਂ ਮਰ ਚੁੱਕੀਆਂ ਹਨ ਜਦੋਂ ਕਿ ਅੰਮ੍ਰਿਤਸਰ ’ਚ 24 ਅਤੇ ਫ਼ਿਰੋਜ਼ਪੁਰ ’ਚ 21 ਪਸ਼ੂ ਮਰੇ ਹਨ। ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਹੜ੍ਹਾਂ ’ਚ ਮਰੇ ਪਸ਼ੂਆਂ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ ਅਤੇ ਪਸ਼ੂਆਂ ਨੂੰ ਚਾਰ ਫੁੱਟ ਡੂੰਘੇ ਟੋਇਆਂ ’ਚ ਨਮਕ ਤੇ ਚੂਨੇ ਦੀ ਵਰਤੋਂ ਕਰਕੇ ਦਬਾਉਣ ਦੇ ਨਿਰਦੇਸ਼ ਦਿੱਤੇ ਹਨ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਮਗਰੋਂ ਮੀਟਿੰਗ ’ਚ ਇਹ ਮਸ਼ਵਰਾ ਦਿੱਤਾ ਸੀ ਕਿ ਮਰੇ ਪਸ਼ੂਆਂ ਦੇ ਨਿਪਟਾਰੇ ਲਈ ਗੁਜਰਾਤ ਸਰਕਾਰ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਉੱਥੇ ਇਸ ਤਰ੍ਹਾਂ ਦਾ ਤਜਰਬਾ ਹੋਇਆ ਹੈ ਜਿਸ ਨਾਲ ਬਿਮਾਰੀਆਂ ਦੇ ਫੈਲਣ ਤੋਂ ਵੀ ਬਚਿਆ ਜਾ ਸਕਦਾ ਹੈ। ਖੇਤੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਨੂੰ ਇਸ ਬਾਰੇ ਗੁਜਰਾਤ ਸਰਕਾਰ ਨਾਲ ਸੰਪਰਕ ਕਰਨ ਵਾਸਤੇ ਕਿਹਾ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਮੁਰਗ਼ੀਆਂ ਦੇ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login