ਹੱਥੋਪਾਈ ਦੌਰਾਨ ਦਿੱਲੀ ਯੂਨਵੀਰਿਸਟੀ ਦੇ ਵਿਦਿਆਰਥੀ ਦੀ ਦਸਤਾਰ ਲਾਹੀ

ਹੱਥੋਪਾਈ ਦੌਰਾਨ ਦਿੱਲੀ ਯੂਨਵੀਰਿਸਟੀ ਦੇ ਵਿਦਿਆਰਥੀ ਦੀ ਦਸਤਾਰ ਲਾਹੀ

ਨਵੀਂ ਦਿੱਲੀ, 23 ਸਤੰਬਰ- ਇੱਥੋਂ ਦੇ ਇੱਕ ਕਾਲਜ ਵਿੱਚ ਝਗੜੇ ਦੌਰਾਨ ਕੁਝ ਵਿਦਿਆਰਥੀਆਂ ਨੇ ਇੱਕ ਸਿੱਖ ਵਿਦਿਆਰਥੀ ਦੀ ਕੁੱਟਮਾਰ ਦੌਰਾਨ ਦਸਤਾਰ ਜਬਰੀ ਉਤਾਰ ਦਿੱਤੀ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਇਸ ਘਟਨਾ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਇਹ ਮਾਮਲਾ ਦਿੱਲੀ ਯੂਨੀਵਰਸਿਟੀ ਦੇ ਸ੍ਰੀ ਤੇਗ ਬਹਾਦਰ ਖਾਲਸਾ ਕਾਲਜ ਦਾ ਹੈ। ਇਹ ਘਟਨਾ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ (ਡੁਸੂ) ਦੀਆਂ 27 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਵਾਪਰੀ ਹੈ। ਘਟਨਾ ਦੀ ਕਥਿਤ ਵੀਡੀਓ ਵਿੱਚ ਇੱਕ ਲਾਲ ਦਸਤਾਰ ਵਾਲੇ ਵਿਦਿਆਰਥੀ ਨੂੰ ਧੂਹਿਆ ਜਾ ਰਿਹਾ ਹੈ ਅਤੇ ਲੱਤਾਂ ਤੇ ਘਸੁੰਨਾਂ ਦੇ ਵਾਰ ਕੀਤੇ ਜਾ ਰਹੇ ਹਨ। ਉਸ ਦੀ ਉਦੋਂ ਤੱਕ ਕੁੱਟਮਾਰ ਕੀਤੀ ਜਾ ਰਹੀ ਹੈ ਜਦੋਂ ਤੱਕ ਉਸਦੀ ਦਸਤਾਰ ਲੱਥ ਕੇ ਡਿੱਗ ਨਹੀਂ ਜਾਂਦੀ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਮੌਰਿਸ ਨਗਰ ਥਾਣੇ ਵਿੱਚ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਮੁਤਾਬਕ ਵਿਦਿਆਰਥੀ ਪਵਿਤ ਸਿੰਘ ਗੁਜਰਾਲ ਨੇ ਕਿਹਾ ਕਿ ਡੁਸੂ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਉਸ ’ਤੇ ਹਮਲਾ ਕੀਤਾ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਹਾਲਾਂਕਿ ਇਸ ਮਾਮਲੇ ਸਬੰਧੀ ਕਾਲਜ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

You must be logged in to post a comment Login